Monday, 6 April, 2009

ਹੀਰ ਸਿਆਲਾਂ ਦੀ

ਆਰੀ ਆਰੀ ਆਰੀ
ਹੇਠ ਬਰੋਟੇ ਦੇ
ਦਾਤਣ ਕਰੇ ਕੁਆਰੀ
ਦਾਤਣ ਕਿਉਂ ਕਰਦੀ
ਦੰਦ ਚਿੱਟੇ ਰੱਖਣ ਦੀ ਮਾਰੀ
ਦੰਦ ਚਿੱਟੇ ਕਿਉਂ ਕਰਦੀ
ਸੋਹਣੀ ਬਨਣ ਦੀ ਮਾਰੀ
ਸੋਹਣੀ ਕਿਉਂ ਬਣਦੀ
ਪ੍ਰੀਤ ਕਰਨ ਦੀ ਮਾਰੀ
ਸੁਣ ਲੈ ਹੀਰੇ ਨੀ
ਮੈਂ ਤੇਰਾ ਭੌਰ ਸਰਕਾਰੀ
.............
ਚੂਪੇ ਗੰਨੇ ਚੱਬੇ ਸਿੱਟੇ
ਰਾਖੀ ਖੇਤ ਦੀ ਕਰਦੀ
ਹੀਰ ਸਿਆਲਾਂ ਦੀ
ਅਲਕ ਬਛੇਰੀ ਪਲਦੀ
.............
ਉੱਤੇ ਹੀਰ ਨੇ ਲਈ ਫੁਲਕਾਰੀ
ਕੁੜਤੀ ਖੱਦਰ ਦੀ ਪਾਈ
ਕੁੜੀਆਂ 'ਚ ਚੰਦ ਚੜ੍ਹ ਗਿਆ
ਹੀਰ ਗਿੱਧੇ ਵਿੱਚ ਆਈ
.............
ਜੇਠ ਹਾੜ ਵਿਚ ਅੰਬ ਬਥੇਰੇ
ਸੌਣ ਜਾਮਨੂੰ ਪੀਲਾਂ
ਰਾਂਝਿਆ ਆ ਜਾ ਵੇ
ਪਾ ਕੇ ਪਟਾਰੀ ਵਿੱਚ ਕੀਲਾਂ
.............
ਚੌਂਕ ਚੰਦ ਤੈਂ ਗੁੰਦ ਲਏ ਹੀਰੇ
ਗਹਿਣਿਆਂ ਭਰੀ ਪਟਾਰੀ
ਹੱਥ ਤਾਂ ਤੇਰੇ ਮਹਿੰਦੀ ਰੰਗਲੇ
ਸਹੁਰੀਂ ਜਾਣ ਦੀ ਤਿਆਰੀ
ਰਾਂਝੇ ਦੀਏ ਹੀਰੇ ਨੀ
ਬਚਨਾਂ ਤੋਂ ਤੂੰ ਹਾਰੀ
.............
ਖਟੱਣ ਗਏ ਕੀ ਖੱਟ ਲਿਆਏ
ਖੱਟ ਕੇ ਲਿਆਏ ਪਾਵੇ
ਰਾਂਝੇ ਨੂੰ ਪਿੱਛੇ ਛੱਡ ਕੇ
ਮੈਥੋਂ ਪੱਬ ਚੁੱਕਿਆ ਨਾ ਜਾਵੇ
.............
ਲੈ ਨੀ ਹੀਰੇ ਰੋਟੀ ਖਾ ਲੈ
ਮੈਂ ਨੀਂ ਸੱਸੇ ਖਾਂਦੀ
ਟੂਮ ਛੱਲਾ ਤੇਰੇ ਘੜਤ ਬਥੇਰਾ
ਵਿਚ ਕੁਰਸਾਂ ਦੀ ਚਾਂਦੀ
ਰਾਂਝੇ ਚਾਕ ਬਿਨਾ ਜੀ ਨੀ ਲਗਦਾ
ਜਾਨ ਨਿਕਲਦੀ ਜਾਂਦੀ
ਧਰਤੀ ਖੇੜਿਆਂ ਦੀ
ਹੀਰ ਨੂੰ ਵੱਢ ਵੱਢ ਖਾਂਦੀ
.............

Sunday, 29 March, 2009

ਜੰਗਲ ਦੀ ਮੈਂ ਜੰਮੀ ਜਾਈ

ਸੁਣ ਨੀ ਕੁੜੀਏ ਮਛਲੀ ਵਾਲੀਏ
ਮਛਲੀ ਨਾ ਚਮਕਾਈਏ
ਖੂਹ ਟੋਭੇ ਤੇ ਹੁੰਦੀ ਚਰਚਾ
ਚਰਚਾ ਨਾ ਕਰਵਾਈਏ
ਨੀ ਆਵਦੇ ਮਾਪਿਆਂ ਦੀ
ਫੁੱਲ ਵਰਗੀ ਰੱਖ ਜਾਈਏ
.............
ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਮੈਥੋਂ ਕੁੱਟੀ ਨਾ ਜਾਂਦੀ
ਗੁੱਤੋਂ ਲੈਂਦੇ ਫੜ ਵੇ
ਮੇਰਾ ਉੱਡੇ ਡੋਰੀਆ
ਮਹਿਲਾਂ ਵਾਲੇ ਘਰ ਵੇ
.............
ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਹੱਥ 'ਚ ਕੁਰਪਾ ਮੋਢੇ ਚਾਦਰ
ਮੱਕੀ ਗੁੱਡਣ ਲਾਈ
ਗੁੱਡਦਿਆਂ ਗੁੱਡਦਿਆਂ ਪੈ ਗਏ ਛਾਲੇ
ਆਥਣ ਨੂੰ ਘਰ ਆਈ
ਘਰ ਆਉਂਦੀ ਨੂੰ ਸੱਸ ਦੇਵੇ ਤਾਹਨੇ
ਘਾਹ ਦੀ ਪੰਡ ਨਾ ਲਿਆਈ
ਵੱਡੇ, ਕੱਟੇ, ਵੱਗ ਰਲਾਵਾਂ
ਮਹਿੰ ਨੂੰ ਲੈਣ ਕਸਾਈ
ਪੰਜੇ ਤੇਰੇ ਪੁੱਤ ਮਰ ਜਾਣ
ਛੀਵਾਂ ਮਰੇ ਜਮਾਈ
ਸੱਤਮਾਂ ਤੇਰਾ ਉਹ ਮਰ ਜਾਵੇ
ਜੀਹਦੇ ਲੜ ਤੂੰ ਲਾਈ
ਅੱਠਮੇਂ ਤੇਰੇ ਮਰਨ ਭਤੀਜੇ
ਨੌਮਾਂ ਮਰਜੇ ਭਾਈ
ਗਾਲ ਭਰਾਵਾਂ ਦੀ
ਕੀਹਨੇ ਕੱਢਣ ਸਖਾਈ
.............
ਮਹੀਵਾਲ ਨੇ ਦੇਖੀ ਸੋਹਣੀ
ਖੜਾ ਕਰੇ ਤਦਬੀਰਾਂ
ਰੱਬਾ ਤੇਰਾ ਅੰਤ ਨਾ ਆਇਆ
ਕਾਲਜਾ ਹੋ ਗਿਆ ਲੀਰਾਂ
ਖਾਤਰ ਸੋਹਣੀ ਦੀ
ਹੋ ਗਿਆ ਵਾਂਗ ਫਕੀਰਾਂ
.............
ਜਦੋਂ ਹੀਰ ਦਾ ਧਰਿਆ ਮੁਕਲਾਵਾ
ਉਸ ਨੂੰ ਖਬਰ ਨਾ ਕਾਈ
ਕੁੜੀਆਂ ਉਹਦੇ ਹੋਈਆਂ ਉਦਾਲੇ
ਉਹਨੇ ਮੰਹਿਦੀ ਨਾ ਲਾਈ
ਸੁੱਤੀ ਪਈ ਦੇ ਲਾ 'ਤੀ ਮੰਹਿਦੀ
ਚੜ੍ਹ ਗਿਆ ਰੰਗ ਇਲਾਹੀ
ਪਾਣੀ ਲਾ ਲਾ ਹੀਰ ਧੋਵੇ ਬਥੇਰਾ
ਧੋਣ ਦੀ ਜਾਂਚ ਨਾ ਆਈ
ਮੰਹਿਦੀ ਸ਼ਗਨਾਂ ਦੀ
ਚੜ੍ਹ ਗਈ ਦੂਣ ਸਵਾਈ
.............


ਧੰਨਵਾਦ : Rajwant Kaur(Dr.) Punjabi Tribune

Thursday, 26 March, 2009

ਗਿੱਧੇ 'ਚ ਸਭਦਾ ਸੀਰ

ਪੰਦਰਾਂ ਵਰ੍ਹਿਆਂ ਦੀ ਹੋ ਗਈ ਜੈ ਕੁਰ
ਬਰਸ ਸੋਲ੍ਹਵਾਂ ਚੜ੍ਹਿਆ
ਬਾਪ ਉਹਦੇ ਮੁੰਡਾ ਟੋਲਿਆ
ਘਰ ਪੰਡਤਾਂ ਦੇ ਵੜ੍ਹਿਆ
ਉੱਠੋ ਪੰਡਤ ਜੀ ਖੋਲੋ ਪੱਤਰੀ
ਦਾਨ ਦੇਊਂ ਜੋ ਸਰਿਆ
ਅਗਲੀ ਪੁੰਨਿਆਂ ਦਾ
ਵਿਆਹ ਜੈ ਕੁਰ ਦਾ ਧਰਿਆ
.................
ਵਿਆਹੁਲੇ ਗਿੱਧੇ ਵਿਚ ਆਈਆਂ ਕੁੜੀਆਂ
ਰੌਣਕ ਹੋ ਗਈ ਭਾਰੀ
ਪਹਿਲਾ ਨੰਬਰ ਵਧ ਗਈ ਫਾਤਾਂ
ਨਰਮ ਰਹੀ ਕਰਤਾਰੀ
ਲੱਛੀ ਦਾ ਰੰਗ ਬਹੁਤਾ ਪਿੱਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ
ਤੇਰੇ ਨੱਚਣ ਦੀ ਵਾਰੀ
.................
ਵੀਰਾਂ ਦੇ ਵਿਆਹ ਆ ਗਏ, ਭੈਣੋਂ
ਆਓ ਸ਼ਗਨ ਮਨਾਈਏ
ਗਿੱਧਾ ਪਾ ਪਾ ਕੇ
ਦਿਲ ਦੀਆਂ ਖੋਲ੍ਹ ਸੁਣਾਈਏ
.................
ਮਾਂ ਸਾਡੀ ਨੂੰ ਚੜ੍ਹੀਆਂ ਖੁਸ਼ੀਆਂ
ਵਿਆਹੁਣ ਚੱਲਿਆ ਸਾਡਾ ਵੀਰ
ਖੁੱਲ ਕੇ ਨੱਚ ਕੁੜੀਏ
ਗਿੱਧੇ 'ਚ ਸਭਦਾ ਸੀਰ
.................
ਰਾਜ ਦੁਆਰੇ ਬਹਿ ਗਈ ਰਾਜੋ
ਰੱਤਾ ਪੀੜ੍ਹਾ ਡਾਹ ਕੇ
ਕਿਉੜਾ ਛਿੜਕ ਲਿਆ ਆਸੇ ਪਾਸੇ
ਅਤਰ ਫੁਲੇਲ ਰਮਾ ਕੇ
ਸੱਗੀ ਤੇ ਫੁੱਲ ਬਘਿਆੜੀ ਸੋਹਂਦੇ
ਰੱਖੇ ਬਿੰਦੀ ਚਮਕਾ ਕੇ
ਕੰਨਾਂ ਦੇ ਵਿਚ ਸਜਣ ਕੋਕਰੂ
ਰੱਖੇ ਵਾਲਿਆਂ ਨੂੰ ਲਿਸ਼ਕਾ ਕੇ
ਬਾਹਾਂ ਦੇ ਵਿਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿਚ ਸਜਣ ਪਟੜੀਆਂ
ਵੇਖ ਲਉ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ
ਸਭ ਵੇਖਣ ਘੁੰਡ ਚੁਕਾ ਕੇ
.................
ਨਵੀਂ ਬਹੂ ਮੁਕਲਾਵੇ ਆਈ
ਬਹਿ ਗਈ ਪੀੜ੍ਹਾ ਡਾਹ ਕੇ
ਲਹਿੰਗਾ ਜਾਮਨੀ ਕੁੜਤੀ ਵਰੀ ਦੀ
ਬਹਿ ਗਈ ਚੌਂਕ ਚੰਦ ਪਾ ਕੇ
ਪਿੰਡ ਦੀਆਂ ਕੁੜੀਆਂ ਚਾਵਾਂ ਮੱਤੀਆਂ
ਆਈਆਂ ਹੁੰਮ ਹੁਮਾ ਕੇ
ਨਵੀਂ ਵਿਆਹੁਲੀ ਦਾ
ਨਾਂ ਪੁੱਛਣ ਘੁੰਡ ਚੁਕਾ ਕੇ
.................
ਟੌਰੇ ਬਾਝ ਨਾ ਸੋਂਹਦਾ ਗੱਭਰੂ
ਕਾਠੀ ਬਾਝ ਨਾ ਬੋਤੀ
ਪੱਤਾਂ ਬਾਝ ਨਾ ਸੋਂਹਦੀ ਮਛਲੀ
ਤੁੰਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮੰਗੇ
ਅਸਾਂ ਐਵੇਂ ਈ ਲੜੀ ਪਰੋਤੀ
ਹੀਰ ਨੇ (ਜਾਂ ਇਹਨੇ) ਕੀ ਨੱਚਣਾ
ਇਹ ਤਾਂ ਕੌਲੇ ਨਾਲ ਖੜੋਤੀ
.................
ਕੌੜੇ ਬੋਲ ਨਾ ਬੋਲ ਮੇਲਣੇ
ਕੀ ਲੈਣਾ ਈ ਗੁਸੈਲੀ ਬਣ ਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਗਿੱਧੇ 'ਚ ਆ ਬਣ ਠਣ ਕੇ
.................
ਵਿਆਹੁਲੇ ਗਿੱਧੇ 'ਚ ਆਈ ਸ਼ਾਮੋ
ਲੌਂਗ ਦੀ ਚਾਨਣੀ ਮਾਰੇ
ਖੁੱਲ੍ਹ ਕੇ ਨੱਚ ਲੈ ਨੀ
ਕੂੰਜ ਪਤਲੀਏ ਨਾਰੇ
.................

Thursday, 19 March, 2009

ਹੁਣ 'ਕੱਠ ਨਹੀਂ ਨਿਭਦਾ

ਸੁਣ ਲੈ ਵੀਰਨਾ ਗੱਲ ਤੂੰ ਮੇਰੀ
ਸੁਣ ਲੈ ਮਨ ਚਿੱਤ ਲਾ ਕੇ
ਤੜਕੇ ਉੱਠ ਕੇ ਦੁੱਧ ਮੈਂ ਰਿੜਕਾਂ
ਬਲਦਾਂ ਨੂੰ ਪੱਠੇ ਪਾ ਕੇ
ਦਸ ਮੈਂ ਟੋਕਰੇ ਗੋਹੇ ਦੇ ਸਿੱਟਦਾ
ਗਾਈਆਂ ਨੂੰ ਵੱਗ ਰਲਾ ਕੇ
ਦਿਨ ਰਾਤ ਮੈਂ ਬੌਂਦਾ ਫਿਰਦਾ
ਤੂੰ ਆਕੜਦੈਂ ਹਲ ਵਾਹ ਕੇ
ਸਹੁਰੇ ਜਾ ਮਿੱਤਰਾ
ਲਿਆ ਤੀਵੀਂ ਨੂੰ ਜਾਕੇ
................
ਰਾਈਓਂ ਰੇਤ ਵੰਡਾ ਲੈ ਵੀਰਾ
ਕੋਠੇ ਨਾਲ ਚੁਬਾਰਾ
ਪੈਲੀ ਵਿਚੋਂ ਅੱਧ ਵੰਡਾ ਲੈ
ਬਲਦ਼ ਸਾਂਭ ਲੈ ਨਾਰ੍ਹਾ
ਵਿਆਹ ਤੇਰਾ ਕੀ ਹੋਇਆ ਵੀਰਾ
ਤੂੰ ਬਣ ਗਿਆ ਸੂਰਮਾ ਭਾਰਾ
ਹੁਣ 'ਕੱਠ ਨਹੀਂ ਨਿਭਦਾ
ਹੋ ਜਾ ਭਲਕ ਤੋਂ ਨਿਆਰਾ
................
ਸੁਣ ਓਏ ਵੀਰਨਾ, ਗੱਲ ਸੁਣਾਵਾਂ
ਲੋਕ ਮਾਰਦੇ ਵਾਧਾ
ਫੜ ਕੇ ਹਲੀਆ ਵਾਹ ਦੇ ਭੌਂ ਨੂੰ
ਮਗਰੋਂ ਫੇਰੀਂ ਸੁਹਾਗਾ
ਫੜ ਕੇ ਜਿੰਦਰੇ ਕਢ ਦੇ ਕਿਆਰੇ
ਵਿੱਚ ਬੀਜ ਦੇ ਚਰ੍ਹੀ
ਫਲ ਤਾਂ ਰੱਬ ਦਿਊ
ਸੁਸਤੀ ਕਿਉਂ ਐਵੇਂ ਫੜੀ
................
ਭੁੱਖੇ ਨੇ ਮੈਂ ਸੂੜ ਮਾਰਿਆ
ਤਾਪ ਕਹਿਰ ਦਾ ਚੜ੍ਹਿਆ
ਦੁੱਧ ਦੀ ਬੁੱਕ ਤਾਂ ਕੀ ਸਰਨੀ ਸੀ
ਟੁਕ ਸਰੀਖਾ ਨਾ ਸਰਿਆ
ਮਾਪਿਆਂ ਬਾਹਰੇ ਦਾ
ਤਰਸ ਕਿਨ੍ਹੇਂ ਨਾ ਕਰਿਆ
................
ਖੰਡ ਬਾਝ ਦੁੱਧ ਮਿੱਠਾ ਨਾ ਹੁੰਦਾ
ਬਿਰਛਾਂ ਬਾਝ ਨਾ ਛਾਵਾਂ
ਖੇਤ ਉਜਾੜ ਪਿਆ
ਨੱਚ ਕੇ ਕਿਵੇਂ ਦਿਖਾਵਾਂ

Sunday, 15 March, 2009

ਡਾਂਗ ਮੇਰੀ ਖੂਨ ਮੰਗਦੀ

ਮੇਰੀ ਗੁੱਤ ਦੇ ਵਿਚਾਲੇ ਠਾਣਾ
ਅਰਜ਼ੀ ਪਾ ਦੇਊਂਗੀ
...............
ਤੀਲੀ ਲੌਂਗ ਦਾ ਮੁਕਦਮਾ ਭਾਰੀ
ਠਾਣੇਦਾਰਾ ਸੋਚ ਕੇ ਕਰੀਂ
...............
ਜੱਟ ਵੜ ਕੇ ਚਰ੍ਹੀ ਵਿੱਚ ਬੜ੍ਹਕੇ
ਡਾਂਗ ਮੇਰੀ ਖੂਨ ਮੰਗਦੀ
...............
ਇੱਤੂ, ਮਿੱਤੂ ਤੇ ਨਰੈਣਾ ਲੜ੍ਹ ਪਏ
ਛਵ੍ਹੀਆਂ ਦੇ ਘੁੰਡ ਮੁੜ ਗਏ
...............
ਮੁੰਡਾ ਇੱਤੂ ਚੰਨਣ ਦੀ ਗੇਲੀ
ਡੌਲੇ ਕੋਲੋਂ ਬਾਂਹ ਵੱਢ 'ਤੀ
...............
ਪੱਕੇ ਪੁਲ 'ਤੇ ਗੰਡਾਸੀ ਮਾਂਜੀ
ਵੱਢ ਕੇ ਡੋਗਰ ਨੂੰ
...............
ਕੇਹੀਆਂ ਬਦਲੇ ਖੋਰੀਆਂ ਰਾਤਾਂ
ਵੀਰ ਨੇ ਵੀਰ ਵੱਢ ਸੁੱਟਿਆ
...............
ਜਿਊਣਾ ਸੌਂ ਗਿਆ ਕੰਨੀਂ ਤੇਲ ਪਾ ਕੇ
ਮਾਰ ਕੇ ਘੂਕਰ ਨੂੰ
...............
ਚੜ੍ਹ ਕੇ ਆ ਗਿਆ ਠਾਣਾ
ਪਿੰਡ ਵਿੱਚ ਖੂਨ ਹੋ ਗਿਆ
...............
ਤੇਰੇ ਯਾਰ ਦੀ ਖੜਕਦੀ ਬੇੜੀ
ਉੱਠ ਕੇ ਵਕੀਲ ਕਰ ਲੈ
...............
ਚੂੜਾ ਵੇਚ ਕੇ ਛਡਾ ਲੂੰ ਤੈਨੂੰ
ਸਿੰਘਾ ਐਵੇਂ ਗ਼ਮ ਨਾ ਕਰੀਂ
...............
ਨਿੱਤ ਝੂਠੀਆਂ ਗਵਾਹੀਆਂ ਜਾਵੇਂ
ਰੱਬ ਤੈਨੂੰ ਰੱਖੇ ਬੱਚਿਆ
...............
ਮੈਂ ਯਾਰ ਦੀ ਤਰੀਕੀਂ ਜਾਣਾ
ਪਿੱਪਲੀ 'ਤੇ ਬੋਲ ਤੋਤਿਆ
...............
ਨੀਲੀ ਘੋੜੀ ਵੇ ਵਕੀਲਾ ਤੈਨੂੰ
ਪਹਿਲੀ ਪੇਸ਼ੀ ਯਾਰ ਛੁੱਟ ਜੇ
...............
ਲੱਡੂ ਵੰਡਦੀ ਤਸ੍ਹੀਲੋਂ ਆਵਾਂ
ਪਹਿਲੀ ਪੇਸ਼ੀ ਯਾਰ ਛੁੱਟ ਜੇ
...............
ਰੰਨ ਹੱਸ ਕੇ ਕਚਿਹਰੀਓਂ ਨਿੱਕਲੀ
ਯਾਰ ਉਹਦਾ ਬਰੀ ਹੋ ਗਿਆ
...............
ਬਹਿਸ ਮੇਰੇ ਵਕੀਲ ਦੀ ਸੁਣ ਕੇ
ਬੰਚ ਵਾਲੇ ਦੰਦ ਮੀਚ ਲਏ
...............
ਮੈਂ ਗੱਜ ਕੇ ਮੁਕੱਦਮਾ ਜਿੱਤਿਆ
ਹੋਇਆ ਕੀ ਜੇ ਭੌਂ ਵਿਕ ਗਈ


Saturday, 28 February, 2009

ਮੈਂ ਪੁੰਨੂੰ ਦੀ, ਪੁੰਨੂੰ ਮੇਰਾ


ਪਰਦੇਸਾਂ ਦੇ ਵਿੱਚ ਲਾਏ ਡੇਰੇ
ਸਿੱਖ ਕੇ ਨਿਹੁੰ ਦੀ ਰੀਤ
ਤੂੰ ਕਿਹੜਾ ਚੰਨ ਪੁੰਨੂੰਆ
ਮਨ ਮਿਲ ਗਏ ਦੀ ਪ੍ਰੀਤ
...............
ਤੇਰੇ ਪਿੱਛੇ ਮੈਂ ਬਣਿਆ ਭੌਰਾ
ਛੱਡ ਕੇ ਲੁੱਕ ਲੁਕਾਈ
ਸ਼ੀਸ਼ੇ ਵਿੱਚ ਵੇਖ ਸੱਸੀਏ
ਮੇਰੀ ਤੇਰੇ ਨਾਲੋਂ ਜੋਤ ਸਵਾਈ
...............
ਦੱਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲੀ
ਜਿੱਥੇ ਮੇਰਾ ਪੁੰਨੂੰ ਮਿਲੇ
ਉਹ ਧਰਤੀ ਨਸੀਬਾਂ ਵਾਲੀ
...............
ਥਲ ਵੀ ਤੱਤਾ, ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ 'ਕੇਰਾਂ ਦੱਸ ਤਾਂ ਸਹੀ
ਕਦ ਹੋਣਗੇ ਪੁੰਨੂੰ ਨਾਲ ਮੇਲੇ
...............
ਮੈਂ ਪੁੰਨੂੰ ਦੀ, ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦੱਸ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ
...............

ਸੋਹਣੀ ਮਹੀਂਵਾਲ


ਊਠਾਂ ਵਾਲਿਆਂ ਨੇ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ
ਮੇਲੇ ਜੈਤੋ ਦੇ
ਸੋਹਣੀਆਂ ਤੇ ਸੱਸੀਆਂ ਚੱਲੀਆਂ
.................
ਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂ
ਅਤਰ ਫੁਲੇਲ ਲਗਾਵੇ
ਗਿੱਧੇ ਵਿੱਚ ਉਹ ਹੱਸ ਹੱਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ 'ਤੇ
ਮਛਲੀ ਹੁਲਾਰੇ ਖਾਵੇ
.................
ਸੋਹਣੀ ਆ ਗਈ ਵਿੱਚ ਗਿੱਧੇ ਦੇ
ਗਾਉਣ ਲੱਗੀਆਂ ਕੁੜੀਆਂ
ਜਿਨ੍ਹਾਂ ਨੂੰ ਲੌੜ ਮਿੱਤਰਾਂ ਦੀ
ਲੱਕ ਬੰਨ੍ਹ ਪੱਤਣਾ 'ਤੇ ਜੁੜੀਆਂ
.................
ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉੱਠ ਖੜ੍ਹ ਸੋਹਣੀਏ ਨੀ
ਮਹੀਂਵਾਲ ਹਾਕਾਂ ਮਾਰੇ
.................
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ 'ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ
.................
ਕੱਚੇ ਘੜੇ ਨੇ ਖੈਰ ਨਾ ਕੀਤੀ
ਡਾਢਾ ਜੁਲਮ ਕਮਾਇਆ
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਨੇ ਘੇਰਾ ਪਾਇਆ
.................
ਸੋਹਣੀ ਜਿਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਭਰਦੀ ਪਾਣੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ
.................
ਆ ਮਹੀਂਵਾਲਾ, ਪੈਲਾਂ ਪਾਈਏ
ਜਾਨਾਂ ਏਂ ਕਿਉਂ ਮੁਖ ਮੋੜੀ
ਰਲ ਕੇ ਬਹਿ ਮਿੱਤਰਾ
ਰੱਬ ਬਣਾਈ ਜੋੜੀ
...............


ਦੇਵਿੰਦਰ ਸਤਿਆਰਥੀ ਦੀ ਕਿਤਾਬ "ਗਿੱਧਾ"(1936) 'ਚੋਂ ਧੰਨਵਾਦ ਸਹਿਤ