Thursday 26 March, 2009

ਗਿੱਧੇ 'ਚ ਸਭਦਾ ਸੀਰ

ਪੰਦਰਾਂ ਵਰ੍ਹਿਆਂ ਦੀ ਹੋ ਗਈ ਜੈ ਕੁਰ
ਬਰਸ ਸੋਲ੍ਹਵਾਂ ਚੜ੍ਹਿਆ
ਬਾਪ ਉਹਦੇ ਮੁੰਡਾ ਟੋਲਿਆ
ਘਰ ਪੰਡਤਾਂ ਦੇ ਵੜ੍ਹਿਆ
ਉੱਠੋ ਪੰਡਤ ਜੀ ਖੋਲੋ ਪੱਤਰੀ
ਦਾਨ ਦੇਊਂ ਜੋ ਸਰਿਆ
ਅਗਲੀ ਪੁੰਨਿਆਂ ਦਾ
ਵਿਆਹ ਜੈ ਕੁਰ ਦਾ ਧਰਿਆ
.................
ਵਿਆਹੁਲੇ ਗਿੱਧੇ ਵਿਚ ਆਈਆਂ ਕੁੜੀਆਂ
ਰੌਣਕ ਹੋ ਗਈ ਭਾਰੀ
ਪਹਿਲਾ ਨੰਬਰ ਵਧ ਗਈ ਫਾਤਾਂ
ਨਰਮ ਰਹੀ ਕਰਤਾਰੀ
ਲੱਛੀ ਦਾ ਰੰਗ ਬਹੁਤਾ ਪਿੱਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ
ਤੇਰੇ ਨੱਚਣ ਦੀ ਵਾਰੀ
.................
ਵੀਰਾਂ ਦੇ ਵਿਆਹ ਆ ਗਏ, ਭੈਣੋਂ
ਆਓ ਸ਼ਗਨ ਮਨਾਈਏ
ਗਿੱਧਾ ਪਾ ਪਾ ਕੇ
ਦਿਲ ਦੀਆਂ ਖੋਲ੍ਹ ਸੁਣਾਈਏ
.................
ਮਾਂ ਸਾਡੀ ਨੂੰ ਚੜ੍ਹੀਆਂ ਖੁਸ਼ੀਆਂ
ਵਿਆਹੁਣ ਚੱਲਿਆ ਸਾਡਾ ਵੀਰ
ਖੁੱਲ ਕੇ ਨੱਚ ਕੁੜੀਏ
ਗਿੱਧੇ 'ਚ ਸਭਦਾ ਸੀਰ
.................
ਰਾਜ ਦੁਆਰੇ ਬਹਿ ਗਈ ਰਾਜੋ
ਰੱਤਾ ਪੀੜ੍ਹਾ ਡਾਹ ਕੇ
ਕਿਉੜਾ ਛਿੜਕ ਲਿਆ ਆਸੇ ਪਾਸੇ
ਅਤਰ ਫੁਲੇਲ ਰਮਾ ਕੇ
ਸੱਗੀ ਤੇ ਫੁੱਲ ਬਘਿਆੜੀ ਸੋਹਂਦੇ
ਰੱਖੇ ਬਿੰਦੀ ਚਮਕਾ ਕੇ
ਕੰਨਾਂ ਦੇ ਵਿਚ ਸਜਣ ਕੋਕਰੂ
ਰੱਖੇ ਵਾਲਿਆਂ ਨੂੰ ਲਿਸ਼ਕਾ ਕੇ
ਬਾਹਾਂ ਦੇ ਵਿਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿਚ ਸਜਣ ਪਟੜੀਆਂ
ਵੇਖ ਲਉ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ
ਸਭ ਵੇਖਣ ਘੁੰਡ ਚੁਕਾ ਕੇ
.................
ਨਵੀਂ ਬਹੂ ਮੁਕਲਾਵੇ ਆਈ
ਬਹਿ ਗਈ ਪੀੜ੍ਹਾ ਡਾਹ ਕੇ
ਲਹਿੰਗਾ ਜਾਮਨੀ ਕੁੜਤੀ ਵਰੀ ਦੀ
ਬਹਿ ਗਈ ਚੌਂਕ ਚੰਦ ਪਾ ਕੇ
ਪਿੰਡ ਦੀਆਂ ਕੁੜੀਆਂ ਚਾਵਾਂ ਮੱਤੀਆਂ
ਆਈਆਂ ਹੁੰਮ ਹੁਮਾ ਕੇ
ਨਵੀਂ ਵਿਆਹੁਲੀ ਦਾ
ਨਾਂ ਪੁੱਛਣ ਘੁੰਡ ਚੁਕਾ ਕੇ
.................
ਟੌਰੇ ਬਾਝ ਨਾ ਸੋਂਹਦਾ ਗੱਭਰੂ
ਕਾਠੀ ਬਾਝ ਨਾ ਬੋਤੀ
ਪੱਤਾਂ ਬਾਝ ਨਾ ਸੋਂਹਦੀ ਮਛਲੀ
ਤੁੰਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮੰਗੇ
ਅਸਾਂ ਐਵੇਂ ਈ ਲੜੀ ਪਰੋਤੀ
ਹੀਰ ਨੇ (ਜਾਂ ਇਹਨੇ) ਕੀ ਨੱਚਣਾ
ਇਹ ਤਾਂ ਕੌਲੇ ਨਾਲ ਖੜੋਤੀ
.................
ਕੌੜੇ ਬੋਲ ਨਾ ਬੋਲ ਮੇਲਣੇ
ਕੀ ਲੈਣਾ ਈ ਗੁਸੈਲੀ ਬਣ ਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਗਿੱਧੇ 'ਚ ਆ ਬਣ ਠਣ ਕੇ
.................
ਵਿਆਹੁਲੇ ਗਿੱਧੇ 'ਚ ਆਈ ਸ਼ਾਮੋ
ਲੌਂਗ ਦੀ ਚਾਨਣੀ ਮਾਰੇ
ਖੁੱਲ੍ਹ ਕੇ ਨੱਚ ਲੈ ਨੀ
ਕੂੰਜ ਪਤਲੀਏ ਨਾਰੇ
.................

No comments: