Wednesday, 26 November, 2008

ਵਗਦੀ ਰਾਵੀ ਦੇ ਵਿੱਚ

ਵਗਦੀ ਰਾਵੀ ਦੇ ਵਿੱਚ
ਸੁਰਮਾ ਕੀਹਨੇ ਡੋਲ੍ਹਿਆ
ਸੱਸੜੀ ਦਾ ਪੁੱਤ ਕਦੇ
ਹੱਸ ਕੇ ਨਾ ਬੋਲਿਆ
..............
ਵਗਦੀ ਰਾਵੀ ਦੇ ਵਿੱਚ
ਰੁੜ੍ਹਨ ਸ਼ਤੀਰ ਵੇ
ਮਾਣ ਜਵਾਨੀ ਢੋਲਾ
ਸਾਡੀ ਤਾਂ ਅਖੀਰ ਵੇ
..............
ਵਗਦੀ ਰਾਵੀ ਦੇ ਵਿੱਚ
ਰੁੜ ਗਏ ਪਤਾਸੇ ਵੇ
ਆਪ ਤੁਰ ਗਇਓਂ
ਨਾਲ ਲੈ ਗਿਆ ਤੂੰ ਹਾਸੇ ਵੇ
..............
ਵਗਦੀ ਰਾਵੀ ਦੇ ਵਿੱਚ
ਘੁੱਗੀਆਂ ਦਾ ਜੋੜਾ ਵੇ
ਇੱਕ ਘੁਗੀ ਉੱਡੀ
ਲੰਮਾ ਪੈ ਗਿਆ ਵਿਛੋੜਾ ਵੇ
..............
ਵਗਦੀ ਰਾਵੀ ਦੇ ਵਿੱਚ
ਸੁੱਟਦੀ ਆਂ ਮੇਖਾਂ
ਬਣ ਪਟਵਾਰੀ
ਤੈਨੂੰ ਲਿਖਦੇ ਨੂੰ ਦੇਖਾਂ
..............

Saturday, 22 November, 2008

ਵਗਦੀ ਰਾਵੀ ਦੇ ਵਿੱਚ

ਵਗਦੀ ਰਾਵੀ ਦੇ ਵਿੱਚ
ਨ੍ਹਾਉਣ ਨੀ ਕੁਆਰੀਆਂ
ਕੰਨੀਂ ਬੁੰਦੇ ਨੀ ਸਈਓ
ਅੱਖਾਂ ਲੋੜ੍ਹੇ ਮਾਰੀਆਂ
............
ਵਗਦੀ ਰਾਵੀ ਦੇ ਵਿੱਚ
ਦੋ ਸਾਧੂ ਨ੍ਹਾਉਂਦੇ
ਚੱਕ ਦੇ ਪੱਲਾ ਨੀ
ਤੇਰੇ ਪੈਰੀਂ ਹੱਥ ਲਾਉਂਦੇ
............
ਵਗਦੀ ਰਾਵੀ ਦੇ ਵਿੱਚ
ਦੋ ਸਾਧੂ ਨ੍ਹਾਉਂਦੇ
ਕਿੱਕਣ ਚੱਕਾਂ ਵੇ
ਘਰ ਡੰਡਾ ਖੜਕਾਉਂਦੇ
............
ਵਗਦੀ ਰਾਵੀ ਦੇ ਵਿੱਚ
ਸਾਗ ਚਲਾਈ ਦਾ
ਮੈਂ ਨਾ ਜੰਮਦੀ ਮਾਹੀਆ
ਵੇ ਤੂੰ ਕਿੱਥੋਂ ਵਿਆਹੀਦਾ
............
ਵਗਦੀ ਰਾਵੀ ਦੇ ਵਿੱਚ
ਗੰਨੇ ਦੀਆਂ ਗੰਨੇਰੀਆਂ
ਤੂੰ ਨਾ ਜੰਮਦੀ ਗੋਰੀਏ
ਨੀ ਮੈਨੂੰ ਹੋਰ ਬਥੇਰੀਆਂ
............
ਵਗਦੀ ਰਾਵੀ ਦੇ ਵਿੱਚ
ਸੁੱਟਦੀ ਆਂ ਆਨਾ
ਖੋਲ੍ਹ ਕੇ ਜਾਈਂ ਵੇ
ਸਾਡਾ ਸ਼ਗਨਾ ਦਾ ਗਾਨਾ
............
ਵਗਦੀ ਸੀ ਰਾਵੀ
ਵਿੱਚ ਘੁੱਗੀਆਂ ਦਾ ਜੋੜਾ
ਇੱਕ ਘੁੱਗੀ ਉੱਡੀ
ਲੰਮਾ ਪੈ ਗਿਆ ਵਿਛੋੜਾ
............

Friday, 14 November, 2008

ਸੂਰਾ ਸੋ ਪਹਿਚਾਨੀਐ (ਸ਼ਰਧਾਂਜਲੀ)

( 16 ਨਵੰਬਰ ਨੂੰ ਗ਼ਦਰ ਲਹਿਰ ਦੇ "ਬਾਲਾ ਜਰਨੈਲ" ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 93ਵੀਂ ਬਰਸੀ ਹੈ । ਸੰਨ 1915 'ਚ ਆਪ ਨੂੰ ਫ਼ਾਂਸੀ ਦਿੱਤੀ ਗਈ । ਉਸ ਵਕਤ ਆਪਦੀ ਉਮਰ 20 ਵਰ੍ਹਿਆਂ ਤੋਂ ਵੀ ਘੱਟ ਸੀ।)
ਇਹ ਕੋਈ ਗ਼ੈਰ ਵਾਜਬ ਉਲਾਂਭਾ ਨਹੀਂ ਹੋਵੇਗਾ ਕਿ ਪੰਜਾਬੀਆਂ ਨੇ ਇਤਿਹਾਸ ਸਿਰਜਿਆ ਤਾਂ ਬਥੇਰਾ ਹੈ,ਪਰ ਸਾਂਭਿਆ ਥੋੜ੍ਹਾ ਹੈ। ਇਹ ਇਤਹਾਸਕਾਰਾਂ ਦਾ ਕੰਮ ਹੈ । ਪਰ ਸਾਡਾ ਸਾਹਿਤ ਆਪਣੀ ਬੁਕੱਲ੍ਹ 'ਚ ਪੰਜਾਬ ਦੇ ਸੂਰਮੇ ਪੁੱਤਰਾਂ ਦੀਆਂ ਅਨੇਕਾਂ ਬੀਰ ਗਥਾਵਾਂ ਸਾਭੀਂ ਬੈਠਾ ਹੈ। ਹਥਲਾ ਗੀਤ ਪੰਜਾਬੀ ਮਨ੍ਹਾਂ 'ਚ ਲੋਕ-ਗੀਤ ਵਾਂਗੂੰ ਅੰਕਿਤ ਹੋ ਚੁੱਕਿਆ ਹੈ, ਇਸ 'ਚ ਸ਼ਹੀਦ ਕਰਤਾਰ ਸਿੰਘ ਸਰਾਭੇ ਹੁਣਾਂ ਦਾ ਦੇਸ-ਵਾਸੀਆਂ ਦੇ ਨਾਓਂ ਸੰਦੇਸ਼ ਹੈ:ਹਿੰਦ ਵਾਸੀਓ ਰੱਖਣਾ ਯਾਦ ਸਾਨੂੰ

ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ

ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ

ਸਾਨੂੰ ਵੇਖਕੇ ਨਾ ਘਬਰਾ ਜਾਣਾ

ਸਾਡੀ ਮੌਤ ਨੇ ਵਤਨ ਵਾਸੀਆਂ ਦੇ

ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ

ਹਿੰਦ ਵਾਸੀਓ ਚਮਕਣਾ ਚੰਦ ਵਾਂਗੂੰ

ਕਿਤੇ ਬੱਦਲੀ ਹੇਠ ਨਾ ਆ ਜਾਣਾ

ਕਰਕੇ ਦੇਸ਼ ਨਾਲ ਧ੍ਰੋਹ ਯਾਰੋ

ਦਾਗ਼ ਕੌਮ ਦੇ ਮੱਥੇ ਨਾ ਲਾ ਜਾਣਾ

ਮੂਲਾ ਸਿੰਘ, ਕ੍ਰਿਪਾਲ ਨਵਾਬ ਵਾਂਗੂੰ

ਅਮਰ ਸਿੰਘ ਨਾ ਕਿਤੇ ਕਹਾ ਜਾਣਾ

ਜੇਲ੍ਹਾਂ ਹੋਣ ਕਾਲਜ ਵਤਨ ਸੇਵਕਾਂ ਦੇ

ਦਾਖ਼ਲ ਹੋ ਕੇ ਡਿਗਰੀਆਂ ਪਾ ਜਾਣਾ

ਹੁੰਦੇ ਫ਼ੇਲ ਬਹੁਤੇ ਤੇ ਪਾਸ ਥੋੜੇ

ਵਤਨ ਵਾਸੀਓ ਦਿਲ ਨਾ ਢਾਅ ਜਾਣਾ

ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ

ਇਸੇ ਰਸਤਿਓਂ ਤੁਸੀਂ ਵੀ ਆ ਜਾਣਾ

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ....Superblog Directory
Free Blog Directory

Monday, 10 November, 2008

ਇਸ਼ਕ ਤੰਦੂਰ ਹੱਡਾਂ ਦਾ ਬਾਲਣ


ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਦੋਜਕ ਨਾਲ ਤਪਾਵਾਂ
ਕੱਢ ਕਾਲਜਾ ਕਰ ਲਾਂ ਪੇੜੇ
ਇਸ਼ਕ ਪਲੇਥਣ ਲਾਵਾਂ
ਕੁੱਟ ਚੂਰੀ ਮੈਂ ਪੋਣੇ ਬੰਨ੍ਹਦੀ
ਘਿਓ ਨੈਣਾਂ ਦਾ ਪਾਵਾਂ
ਜਿਗਰੀ ਯਾਰ ਦੀਆਂ
ਬਹਿ ਕੇ ਔਸੀਆਂ ਪਾਵਾਂ
..............
ਸੁਣ ਨੀ ਮੇਲਣੇ ਨੱਚਣ ਆਲੀਏ
ਰੂਪ ਤੇਰਾ ਹੈ ਬਾਹਲਾ
ਮੱਥੇ ਤੇਰੇ ਬਿੰਦੀ ਸੋਂਹਦੀ
ਜਿਉਂ ਅਹਿਰਨ ਵਿਚ ਫ਼ਾਲਾ
ਚਿੱਟੇ ਟੂਲ ਦੀ ਕੁੜਤੀ ਸਮਾ ਲੈ
ਉੱਤੇ ਲੈ ਲਾ ਡੋਰੀਆ ਕਾਲਾ
ਹਸਦੀ ਦੇ ਫੁੱਲ ਕਿਰਦੇ
ਚੁਗਦਾ ਫਿਰੇ ਕੁਮਾਰਾ
ਰਾਤੀਂ ਕੀ ਗੁਜਰੀ
ਦੱਸ ਪਤਲੋ ਦਿਆ ਯਾਰਾ
..............
ਨੀ ਨੱਕ ਵਿਚ ਤੇਰੇ ਲੌਂਗ ਤੇ ਮਛਲੀ
ਮੱਥੇ ਚਮਕੇ ਟਿੱਕਾ
ਤੇਰੇ ਮੂਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ ਫਿੱਕਾ
ਨੀਂ ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਨੀ ਕੱਦ ਨੱਚੇਂਗੀ
ਨੱਚ ਲੈ ਪਟੋਲਾ ਬਣਕੇ
..............
ਸਾਉਣ ਮਹੀਨੇ ਲੱਗਣ ਝੜੀਆਂ
ਭਾਦੋਂ ਵਿਚ ਅੜਾਕੇ
ਤੇਲ ਬਾਝ ਨਾ ਪੱਕਣ ਗੁਲਗੁਲੇ
ਦੇਖ ਰਹੀ ਪਰਤਿਆ ਕੇ
ਹੀਰ ਨੇ ਰਾਂਝੇ ਦੇ
ਰੱਖ 'ਤੇ ਕੰਨ ਪੜਵਾ ਕੇ
..............
ਘਰ ਜਿਨ੍ਹਾਂ ਦੇ ਲਾਗੋ ਲਾਗੀ
ਖੇਤ ਜਿਨ੍ਹਾਂ ਦੇ ਨਿਆਈਆਂ
ਉੱਚੀਆਂ ਚਰ੍ਹੀਆਂ ਸੰਘਣੇ ਬਾਜਰੇ
ਖੇਡਣ ਲੁਕਣ ਮਚਾਈਆਂ
ਲੈ ਕੇ ਗੋਪੀਆਂ ਚੜ੍ਹਗੀ ਮਨੇ ਤੇ
ਚਿੜੀਆਂ ਖੂਬ ਉਡਾਈਆਂ
ਧੁਰ ਤੱਕ ਨਿਭਣਗੀਆਂ
ਨਿਆਣੀ ਉਮਰ ਦੀਆਂ ਲਾਈਆਂ
..............

Tuesday, 4 November, 2008

ਬਾਰੀਂ ਬਰਸੀਂ ਖੱਟਣ ਗਿਆ ਸੀ

ਝਾਂਜਰ ਬਣ ਮਿੱਤਰਾ
ਤੈਨੂੰ ਅੱਡੀਆਂ ਕੂਚ ਕੇ ਪਾਵਾਂ
......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਡੋਲ

ਵਣਾਂ ਵਿੱਚ ਆਜਾ ਵੇ
ਸੁਣ ਕੇ ਮੇਰਾ ਬੋਲ
.......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਰੇਤੀ

ਪਾਰ ਲੰਘਾ ਦੇ ਵੇ
ਤੂੰ ਨਦੀਆਂ ਦਾ ਭੇਤੀ
........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਛਾਪੇ

ਦਿਲ ਨੂੰ ਟਿਕਾਣੇ ਰੱਖੀਏ
ਯਾਰ ਹੋਣਗੇ ਮਿਲਣਗੇ ਆਪੇ
.......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਤਾਣਾ

ਬੰਤੋ ਬਣ ਬੱਕਰੀ
ਜੱਟ ਬਣੇ ਤੂਤ ਦਾ ਟਾਹਣਾ
......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਰੋੜ

ਮੇਰੀ ਕੀਹਨੇ ਖਿੱਚ ਲਈ
ਪਤੰਗ ਵਾਲੀ ਡੋਰ
........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਪਦੀਨਾ

ਰਾਹ 'ਤੇ ਘਰ ਮੇਰਾ
ਮਿਲ ਕੇ ਜਾਈਂ ਸ਼ਕੀਨਾ
..........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਇਆ ਟੱਲੀ

ਸਾਹਮਣੇ ਘਰ ਵਾਲਿਆ
ਮੈਂ ਅੱਜ ਮੁਕਲਾਵੇ ਚੱਲੀ
.........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਪਾਵੇ

ਰਾਂਝੇ ਨੂੰ ਪਿੱਛੇ ਛੱਡ ਕੇ
ਮੈਥੋਂ ਪੱਬ ਚੱਕਿਆ ਨਾ ਜਾਵੇ
.........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਡੰਡਾ

ਸਾਧਣੀ ਹੋ ਜਾਊਂਗੀ
ਤੈਨੂੰ ਕਰਕੇ ਰੰਡਾ
......................

Saturday, 1 November, 2008

ਮਿਹਣੇ ਦੇਣ ਸਹੇਲੀਆਂ (ਲੋਕ-ਗੀਤ)

ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !
ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ !

ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !
ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ !

ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !
ਕੋਠੇ 'ਤੇ ਤਸਵੀਰ, ਵੇ ਸੱਜਣ ਮੇਰਿਆ !

ਮੈਂ ਦਰਿਆ ਦੀ ਮਛਲੀ, ਵੇ ਚੀਰੇ ਵਾਲਿਆ !
ਤੂੰ ਦਰਿਆ ਦਾ ਨੀਰ, ਵੇ ਸੱਜਣ ਮੇਰਿਆ !

ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !
ਧੁਰ ਕੋਠੇ 'ਤੇ 'ਵਾ, ਵੇ ਜਾਨੀ ਮੇਰਿਆ !

ਸ਼ੱਕਰ ਹੋਵੇ ਤਾਂ ਵੰਡੀਏ, ਵੇ ਕੰਠੇ ਵਾਲਿਆ !
ਰੂਪ ਨਾ ਵੰਡਿਆ ਜਾ, ਵੇ ਜਾਨੀ ਮੇਰਿਆ !

ਧਾਗਾ ਹੋਵੇ ਤਾਂ ਤੋੜੀਏ ਵੇ ਕੰਠੇ ਵਾਲਿਆ !
ਪ੍ਰੀਤ ਨਾ ਤੋੜੀ ਜਾ, ਵੇ ਜਾਨੀ ਮੇਰਿਆ !

ਢਲ 'ਗਏ ਤਰੰਗੜ ਖਿੱਤੀਆਂ, ਵੇ ਚੀਰੇ ਵਾਲਿਆ !
ਹੋ ਚੱਲੀ ਪ੍ਰਭਾਤ ਵੇ, ਵੇ ਜਾਨੀ ਮੇਰਿਆ !

ਮੈਨੂੰ ਮਿਹਣੇ ਦੇਣ ਸਹੇਲੀਆਂ,ਵੇ ਚੀਰੇ ਵਾਲਿਆ !
ਮੇਰੀ ਪਰਤ ਨਾ ਪੁੱਛੀ ਬਾਤ, ਵੇ ਜਾਨੀ ਮੇਰਿਆ !