Wednesday, 3 February, 2010

ਕਾਹਨੂੰ ਪਰਖਦੀ ਜਾਤਾਂ

ਰੋਟੀ ਲੈਕੇ ਚੱਲੀ ਖੇਤ ਨੂੰ
ਰੰਨ ਖਾਕੇ ਤੁਰੇ ਮਰੋੜੇ
ਢਿੱਡ ਵਿੱਚ ਦੇਮਾਂ ਮੁੱਕੀਆਂ
ਗੱਲਾਂ ਤੇਰੀਆਂ ਦੇ ਉੱਠਣ ਮਰੋੜੇ
ਜੈ ਕੁਰ ਮੋਰਨੀਏ
ਲੜ ਬੱਦਲਾਂ ਨੇ ਜੋੜੇ
..............................
ਤਿੱਖੇ ਪੰਜੇ ਦੀ ਪਾਮੇਂ ਰਕਾਬੀ
ਤੁਰਦੀ ਨਾਲ ਮਿਜਾਜਾਂ
ਲੜ ਕੁੜ੍ਹਤੀ ਦੇ ਬਾਂਹ ਨਾਲ ਉੱਡਦੇ
ਨੰਗੀਆਂ ਹੋ ਗੀਆਂ ਢਾਕਾਂ
ਪੰਜ ਸੱਤ ਕਰਮਾਂ ਭਰਗੀ ਖੁਸ਼ੀ ਵਿੱਚ
ਮਗਰੋਂ ਪੈਂਦੀਆਂ ਹਾਕਾਂ
ਕਰਾਂ ਅਰਜੋਈਆਂ ਮਿਲਜਾ ਪਟੋਲਿਆ
ਗੁਜ਼ਰ ਗਈਆਂ ਬਰਸਾਤਾਂ
ਨੀ ਦਿਲ ਮਿਲ ਗਿਆਂ ਤੋਂ
ਕਾਹਨੂੰ ਪਰਖਦੀ ਜਾਤਾਂ
..............................
ਯਾਰੀ ਲਾਕੇ ਦਗਾ ਕਮਾ ਗਈ
ਤੈਂ ਧਾਰੀ ਬਦਨੀਤੀ
ਅੱਗੇ ਤਾਂ ਲੰਘਦੀ ਹੱਸਦੀ ਖੇਲਦੀ
ਅੱਜ ਨੰਘ ਗਈ ਚੁੱਪ ਕੀਤੀ
ਇਹੋ ਰੰਨਾਂ ਵਿੱਚ ਖੋਟ ਸੁਣੀਂਦਾ
ਲਾ ਕੇ ਦਿੰਦੀਆਂ ਤੋੜ ਪਰੀਤੀ
ਦੂਰੋਂ ਰੰਨੇਂ ਸਰਬਤ ਦੀਂਹਦੀ
ਜ਼ਹਿਰ ਬਣੀ ਜਾਂ ਪੀਤੀ
ਤੈਂ ਪਰਦੇਸੀ ਨਾ'
ਜੱਗੋਂ ਤੇਰ੍ਹਵੀਂ ਕੀਤੀ
..............................
ਗੋਲ਼ ਪਿੰਜਣੀ ਰੇਬ ਪਜਾਮੀ
ਪੱਟਾਂ ਕੋਲੋਂ ਮੋਟੀ
ਢਿੱਡ ਤਾਂ ਤੇਰਾ ਕਾਗਜ ਵਰਗਾ
ਥੋੜ੍ਹੀ ਖਾਮੇਂ ਰੋਟੀ
ਪਾਨੋਂ ਪਤਲੇ ਬੁੱਲ੍ਹ ਪਤੀਸੀ
ਸਿਫ਼ਤ ਕਰੇ ਤਰਲੋਕੀ
ਨੱਕ ਤਾਂ ਤੇਰਾ ਮਿੱਡਾ ਬਣਾਤਾ
ਇਹ ਨਾ ਡਾਢੇ ਨੇ ਸੋਚੀ
ਚੜ੍ਹਜਾ ਸ਼ਿਆਮ ਕੁਰੇ
ਖੜ੍ਹੀ ਸਿੰਘਾਂ ਦੀ ਬੋਤੀ
..............................
ਆਉਣ ਜਾਣ ਨੂੰ ਨੌਂ ਦਰਬਾਜੇ
ਖਿਸਕ ਜਾਣ ਨੂੰ ਮੋਰੀ
ਕੱਢ ਕਾਲ਼ਜਾ ਤੈਨੂੰ ਦਿੱਤਾ
ਮਾਈ ਬਾਪ ਤੋਂ ਚੋਰੀ
ਦਰਸ਼ਣ ਦੇਹ ਕੁੜੀਏ
ਦੇਹ ਮਾਪਿਆਂ ਤੋਂ ਚੋਰੀ
..............................