Saturday 27 December 2008

ਖੂਹ 'ਤੇ ਘੜਾ ਭਰੇਂਦੀਏ ਮੁਟਿਆਰੇ ਨੀ

ਨਵਾਂ ਸਾਲ ਮੁਬਾਰਕ!!              ਨਵਾਂ ਸਾਲ ਮੁਬਾਰਕ!!             ਨਵਾਂ ਸਾਲ ਮੁਬਾਰਕ!!

ਖੂਹ 'ਤੇ ਇੱਕ ਮੁਟਿਆਰ ਘੜਾ ਭਰ ਰਹੀ ਹੈ। ਨਿਆਣੀ ਉਮਰੇ ਵਿਆਹੀ ਹੋਣ ਕਰਕੇ ਆਪਣੇ ਢੋਲ ਸਿਪਾਹੀ ਨੂੰ ਸਿਆਣਦੀ ਨਹੀਂ। ਲਾਮ ਤੋਂ ਪਰਤ ਕੇ ਆਇਆ ਉਸਦਾ ਸਿਪਾਹੀ ਪਤੀ ਉਸ ਤੋਂ ਪਾਣੀ ਦਾ ਘੁੱਟ ਮੰਗਦਾ ਹੈ। ਸਿਪਾਹੀ ਦੀ ਨੀਤ ਖੋਟੀ ਵੇਖ, ਮੁਟਿਆਰ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ। ਦੋਹਾਂ ਵਿੱਚ ਕੁੱਝ ਤਕਰਾਰ ਹੁੰਦਾ ਹੈ। ਅਖੀਰ ਸਿਪਾਹੀ ਘੋੜੇ 'ਤੇ ਸਵਾਰ ਹੋ ਕੇ ਮੁਟਿਆਰ ਤੋਂ ਪਹਿਲਾਂ ਆਪਣੇ ਸਹੁਰੇ ਘਰ ਪਹੁੰਚ ਜਾਂਦਾ ਹੈ। ਘਰ ਪਹੁੰਚਣ ਤੇ ਮੁਟਿਆਰ ਨੂੰ ਜਦੋਂ ਆਪਣੀ ਮਾਂ ਤੋਂ ਅਸਲੀਅਤ ਪਤਾ ਲਗਦੀ ਹੈ ਤਾਂ ਉਹ ਬੜ੍ਹੀ ਕੱਚੀ ਪੈਂਦੀ ਹੈ ਤੇ ਢੋਲ ਸਿਪਾਹੀ ਨੂੰ ਬੜ੍ਹੀਆਂ ਮਿੰਨਤਾਂ ਨਾਲ ਰਾਜ਼ੀ ਕਰਦੀ ਕਰਦੀ ਹੈ :

ਸਿਪਾਹੀ:

ਖੂਹ 'ਤੇ ਘੜਾ ਭਰੇਂਦੀਏ ਮੁਟਿਆਰੇ ਨੀ,
ਘੁੱਟ ਭਰ ਪਾਣੀ ਪਿਆ।
ਅਸੀਂ ਮੁਸਾਫ਼ਿਰ ਰਾਹੀ ਨੀ ਅੜੀਏ,
ਸਾਡਾ ਜੀਵੜਾ ਨਾ ਤਰਸਾ।

ਮੁਟਿਆਰ:

ਪਾਣੀ ਤਾਂ ਪੀ ਮੁਸਾਫਰਾ ਵੇ,
ਬੀਬਾ ਮੈਲੀ ਤੱਕ ਨਾ ਭੁੱਲ।
ਜਿਸ ਕੌਂਤ ਦੀ ਮੈਂ ਵਹੁਟੜੀ,
ਬੀਬਾ ਉਸ ਦਿਆਂ ਪਾਂਧਾਂ ਦਾ ਤੂੰ।

ਸਿਪਾਹੀ:

ਸੋਨੇ ਦੀ ਮੇਰੀ ਤੱਕੜੀ ਨੀ ਬੀਬੋ,
ਚਾਂਦੀ ਦਾ ਘਰ ਸੇਰ।
ਤੇਰੇ ਜਿਹੀਆਂ ਦੋ ਗੋਲੀਆਂ ਨੀ ਬੀਬੋ,
ਮੈਂ ਘਰ ਪਾਣੀ ਭਰੇਨ।

ਮੁਟਿਆਰ:

ਸੋਨੇ ਦੀ ਮੇਰੀ ਪਾਲਕੀ ਵੇ ਅੜਿਆ,
ਚਾਂਦੀ ਦਾ ਈ ਉਛਾੜ।
ਤੇਰੇ ਜਿਹੇ ਦੋ ਗੱਭਰੂ ਵੇ ਅੜਿਆ,
ਮੇਰੀ ਡੋਲੀ ਦੇ ਕਹਾਰ।

ਸਿਪਾਹੀ:

ਸਾਈਆਂ ਘੜਾ ਤੇਰਾ ਭਜ ਪਵੇ,
ਉੰਨੂ ਰਹਿ ਜਾਏ ਹੱਥ।
ਘਰੋਂ ਤਾਂ ਮਾਂ ਤੈਨੂੰ ਚਿੱਕ ਕੱਢੇ,
ਪੈ ਜਾਏਂ ਸਾਡੇ ਵੱਸ।

ਮੁਟਿਆਰ:

ਸਾਈਆਂ ਘੋੜਾ ਤੇਰਾ ਮਰ ਜਾਏ,
ਚਾਬੁਕ ਰਹਿ ਜਾਏ ਹੱਥ।
ਘਰੋਂ ਤਾਂ ਮਾਂ-ਪਿਓ ਕੁੱਟ ਕੱਢੇ,
ਪੈ ਜਾਏਂ ਸਿਪਾਹੀਆਂ ਵੱਸ।

(ਮੁਟਿਆਰ ਘਰ ਜਾਂਦੀ ਹੈ ਤਾਂ ਉਸਦੀ ਮਾਂ ਪੁੱਛਦੀ ਹੈ)
ਮਾਂ:

ਕੀ ਮੋਈਏ, ਕੀ ਮਾਰੀਏ, ਨੀ ਧੀਏ !
ਕੇ ਗਈਂ ਏ ਪਾਰਾਵਾਰ।
ਵੱਡੇ ਵੇਲੇ ਦੀ ਘੜਾ ਭਰਨ ਗਈਏਂ,
ਆਈ ਏਂ ਸੋਤੜਾ ਪਾ।

ਮੁਟਿਆਰ:

ਨਾ ਮੋਈ ਮਾਰੀ, ਮੇਰੀ ਅੰਬੜੀਏ,
ਨਾ ਗਈ ਪਾਰਾਵਾਰ।
ਉੱਚਾ ਲੰਮਾ ਇੱਕ ਗੱਭਰੂ, ਨੀ ਅੰਬੜੀਏ,
ਕਰ ਬੈਠਾ ਤਕਰਾਰ।

(ਫਿਰ ਘੋੜੇ ਵੱਲ ਵੇਖਕੇ)
ਮੁਟਿਆਰ:

ਇਹ ਕਿਸ ਦੇ ਘੋੜੇ ਜੋੜੇ ਨੀ ਅੰਬੜੀਏ,
ਇਹ ਕਿਸ ਦੇ ਹਥਿਆਰ।

ਮਾਂ:

ਜਿਦ੍ਹੇ ਨਾਲ ਤੂੰ ਪਰਨਾਈ ਨੀ ਧੀਏ,
ਉਹ ਆਇਆ ਅਸਵਾਰ।

(ਫਿਰ ਢੋਲ ਸਿਪਾਹੀ ਨੂੰ ਮਨਾਣ ਜਾਂਦੀ ਹੈ)
ਮੁਟਿਆਰ:

ਕੇ ਸੁੱਤਾ ਕੇ ਜਾਗਦਾ ਵੇ ਚੰਨਾਂ !
ਵੇ ਕੀ ਤੂੰ ਗਿਓਂ ਪਾਰਵਾਰ।

ਸਿਪਾਹੀ:

ਨਾ ਸੁੱਤਾ ਨਾ ਜਾਗਦਾ ਨੀ,
ਤੂੰ ਖੂਹੇ ਦੇ ਬੋਲ ਚਿਤਾਰ।

ਮੁਟਿਆਰ:

ਨਿੱਕਿਆਂ ਹੁੰਦਿਆਂ ਹੋ ਗਈਆਂ ਵੇ ਬੀਬਾ,
ਹੁਣ ਤੇ ਮਨੋਂ ਵਿਸਾਰ।



"ਪੰਜਾਬ ਦੀ ਲੋਕ ਧਾਰਾ" (ਸੋਹਿੰਦਰ ਸਿੰਘ ਬੇਦੀ) 'ਚੋਂ ਧੰਨਵਾਦ ਸਹਿਤ

Wednesday 24 December 2008

ਤੈਂ ਛਤਰੀ ਨਾ ਤਾਣੀ

ਨੌਕਰ ਨੂੰ ਤਾਂ ਨਾਰ ਪਿਆਰੀ
ਜਿਉਂ ਵਾਹਣਾ ਨੂੰ ਪਾਣੀ
ਲੱਗੀ ਦੋਸਤੀ ਚੱਕੀਆਂ ਸ਼ਰਮਾਂ
ਰੋਟੀ 'ਕੱਠਿਆਂ ਖਾਣੀ
ਭਿੱਜ ਗਈ ਬਾਹਰ ਖੜੀ
ਤੈਂ ਛਤਰੀ ਨਾ ਤਾਣੀ
.............
ਨਾ ਵੇ ਪੂਰਨਾ ਚੋਰੀ ਕਰੀਏ
ਨਾ ਵੇ ਮਾਰੀਏ ਡਾਕਾ
ਬਾਰਾਂ ਬਰਸ ਦੀ ਸਜ਼ਾ ਬੋਲਜੂ
ਪੀਹਣਾ ਪੈ ਜੂ ਆਟਾ
ਨੇੜੇ ਆਈ ਦੀ ਬਾਂਹ ਨਾ ਫੜੀਏ
ਲੋਕ ਕਹਿਣਗੇ ਡਾਕਾ
ਕੋਠੀ ਪੂਰਨ ਦੀ
ਵਿੱਚ ਪਰੀਆਂ ਦਾ ਵਾਸਾ
.............
ਵਿੱਚ ਬਾਗਾਂ ਦੇ ਸੋਹੇ ਕੇਲਾ
ਖੇਤਾਂ ਵਿੱਚ ਰਹੂੜਾ
ਤੈਨੂੰ ਵੇਖ ਕੇ ਤਿੰਨ ਵਲ ਖਾਵਾਂ
ਖਾ ਕੇ ਮਰਾਂ ਧਤੂਰਾ
ਕਾਹਨੂੰ ਪਾਇਆ ਸੀ
ਪਿਆਰ ਵੈਰਨੇ ਗੂੜ੍ਹਾ
.............
ਆ ਵਣਜਾਰਿਆ ਬਹਿ ਵਣਜਾਰਿਆ
ਆਈਂ ਹਮਾਰੇ ਘਰ ਵੇ
ਚਾਰ ਕੁ ਕੁੜੀਆਂ ਕਰ ਲੂੰ 'ਕੱਠੀਆਂ
ਕਿਉਂ ਫਿਰਦਾ ਦਰ ਦਰ ਵੇ
ਝਿੜਕਾਂ ਰੋਜ਼ ਦੀਆਂ
ਮੈਂ ਜਾਉਂਗੀ ਮਰ ਵੇ
.............
ਮੈਲਾ ਕੁੜਤਾ ਸਾਬਣ ਥੋੜੀ
ਬਹਿ ਪਟੜੇ ਤੇ ਧੋਵਾਂ
ਪਾਸਾ ਮਾਰ ਕੇ ਲੰਘ ਗਿਆ ਕੋਲ ਦੀ
ਛੰਮ ਛੰਮ ਅੱਖੀਆਂ ਰੋਵਾਂ
ਬਾਹੋਂ ਫੜ ਕੇ ਪੁਛਣ ਲੱਗੀ
ਕਦੋਂ ਕਰੇਂਗਾ ਮੋੜੇ
ਵੇ ਆਪਣੇ ਪਿਆਰਾਂ ਦੇ
ਮੌਤੋਂ ਬੁਰੇ ਵਿਛੋੜੇ
.............



Saturday 20 December 2008

ਕੁੱਝ ਪ੍ਰੇਰਣਾਮਈ ਸ਼ਬਦ......


ਡਾ. ਨਾਹਰ ਸਿੰਘ,( M.A,Ph. D)ਦੀ ਕਿਤਾਬ "ਲੌਂਗ ਬੁਰਜੀਆਂ ਵਾਲਾ" ਦੀ ਭੂਮਿਕਾ 'ਚੋਂ
(ਇਹ ਬਲਾਗ ਆਪਣੀਆਂ ਕਈ ਪੋਸਟਿੰਗਾਂ ਲਈ ਇਸ ਕਿਤਾਬ ਦਾ ਰਿਣੀ ਹੈ। )

ਹੁਣਵੇਂ ਦੌਰ ਵਿੱਚ ਲੋਕ ਗੀਤ ਇਕੱਤਰ ਕਰਨ ਦਾ ਕੰਮ ਬਹੁਤ ਕਠਿਨ ਹੁੰਦਾ ਜਾ ਰਿਹਾ ਹੈ। ਮਧਕਾਲੀਨ ਜੀਵਨ ਧਾਰਾ ਨਾਲ ਸੰਬੰਧਿਤ ਬਹੁਤ ਸਾਰਾ ਸਾਹਿਤ ਅਲੋਪ ਹੋ ਚੁੱਕਾ ਹੈ। ਜੋ ਬਚਿਆ ਹੈ ਉਸ ਨੂੰ ਬਜ਼ੁਰਗਾਂ ਦੇ ਚੇਤਿਆਂ ਵਿੱਚੋਂ ਖੁਰਚ ਕੇ ਲੜੀਵੱਧ ਕਰਨਾ ਜੇ ਅਸੰਭਵ ਨਹੀਂ ਤਾਂ ਕਠਿਨ ਜਰੂਰ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹ ਕੰਮ ਕਿਸੇ ਵੱਡੀ ਸੰਸਥਾ ਵਲੋਂ ਪ੍ਰਦਾਨ ਕੀਤੇ ਸਾਧਨਾਂ ਨਾਲ ਬਕਾਇਦਾ ਸਿਖਿਅਤ ਬੰਦਿਆਂ ਤੋਂ ਕਰਵਾਉਣ ਦਾ ਹੈ। ਹਰ ਖੇਤਰ ਦੇ ਲੋਕ ਗੀਤ (ਲੋਕ ਧਾਰਾ) ਇੱਕਤਰ ਕਰਨ ਲਈ ਵੱਕੋ ਵੱਖਰੀਆਂ ਟੀਮਾਂ ਦੀ ਲੋੜ ਹੈ। ਹਰ ਟੀਮ ਦੇ ਮੈਂਬਰ ਸੰਬੰਧਿਤ ਖਿੱਤੇ ਦੇ ਜੰਮਪਲ, ਉਪਭਾਸ਼ਾ ਤੋਂ ਸਿਧਾਂਤਕ ਤੌਰ 'ਤੇ ਜਾਣੂ ਤੇ ਆਪੋ ਆਪਣੇ ਇਲਾਕਾਈ ਸਭਿਆਚਾਰਾਂ ਵਿਚ ਘੁਲੇ ਮਿਲੇ ਹੋਏ ਹੋਣੇ ਚਾਹੀਦੇ ਹਨ । ਦਿਨੋਂ ਦਿਨ ਵਿਸਰ ਰਹੀ ਇਸ ਸਭਿਆਚਾਰਕ ਵਿਰਾਸਤ ਨੂੰ ਸਾਂਭਣ ਤੇ ਜੀਵਨ ਦੇ ਨਵੇਂ ਪ੍ਰਸੰਗਾਂ ਅਨੁਸਾਰ ਇਸ ਤੋਂ ਸਿਰਜਨਾਤਮਕ ਪ੍ਰੇਰਨਾਵਾਂ ਲੈਣ ਲਈ ਇਕ ਜ਼ੋਰਦਾਰ ਸਭਿਆਚਾਰਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਜੀਵਨ ਪ੍ਰਤੀ ਨਿਰੋਏ ਦ੍ਰਿਸ਼ਟੀਕੋਣ ਤੋਂ ਉਸਰੀ ਅਜਿਹੀ ਲਹਿਰ ਹੀ ਲੋਕਾਂ ਨੂੰ ਆਪਣੇ ਆਪੇ ਤੋਂ ਚੇਤੰਨ ਕਰ ਸਕਦੀ ਹੈ। ਆਪਣੇ ਦੇਸੀ ਸਭਿਆਚਾਰ, ਪ੍ਰੰਪਰਾਵਾਂ ਤੇ ਇਤਿਹਾਸ ਨੂੰ ਸਮਝਣ ਲਈ ਵਿਗਿਆਨਕ ਦ੍ਰਿਸ਼ਟੀ ਤੋਂ ਪ੍ਰਾਪਤ ਹੋਈ ਨਵੀਂ ਸੋਝੀ ਲੈ ਕੇ ਹੀ ਅਸੀਂ ਆਪਣੇ ਸਭਿਆਚਾਰ ਉੱਤੇ ਹਾਵੀ ਸਾਮਰਾਜ ਦੀ ਜ਼ਿਹਨੀ ਗ਼ੁਲਾਮੀ ਤੇ ਭੂਪਵਾਦ ਦੀਆਂ ਵੇਲਾ ਵਿਹਾ ਚੁੱਕੀਆਂ ਕਦਰਾਂ ਕੀਮਤਾਂ ਤੋਂ ਮੁਕਤ ਹੋ ਸਕਾਂਗੇ। ਆਪਣੀ ਮਿੱਟੀ 'ਚੋਂ ਉਪਜੀ ਸਿਰਜਨਾਤਮਕ ਸੁਤੰਤਰ ਸੋਚ ਹੀ ਸਾਨੂੰ ਪੱਕੇ ਪੈਰੀਂ ਖੜ੍ਹਾ ਕਰ ਸਕਦੀ ਹੈ।

Tuesday 16 December 2008

ਲਾ ਕੇ ਤੋੜ ਨਿਭਾਵਾਂ

ਪ੍ਰੀਤਾਂ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਕੋਇਲੇ ਸਾਉਣ ਦੀਏ
ਤੈਨੂੰ ਹੱਥਾਂ 'ਤੇ ਚੋਗ ਚੁਗਾਮਾਂ
...............
ਜੇਠ ਹਾੜ ਦੇ ਤੱਤੇ ਮਹੀਨੇ
ਤੱਤੀਆਂ ਚੱਲਣ ਹਵਾਵਾਂ
ਤੈਨੂੰ ਧੁੱਪ ਲਗਦੀ
ਮੈਂ ਬਦਲੀ ਬਣ ਜਾਵਾਂ
...............
ਹੀਰਿਆਂ ਹਰਨਾ ਬਾਗੀ ਚਰਨਾਂ
ਬਾਗ ਨੇ ਨੇੜੇ ਤੇੜੇ
ਮਿੱਤਰਾਂ ਨੂੰ ਯਾਦ ਕਰਾਂ
ਹਰ ਚਰਖੇ ਦੇ ਗੇੜੇ
...............
ਬਾਗ ਲਵਾਇਆ ਬਗੀਚਾ ਲਵਾਇਆ
ਵਿੱਚ ਵਿੱਚ ਬੋਲਣ ਮੋਰ
ਦੁਨੀਆਂ ਲੱਖ ਫਿਰਦੀ
ਮੈਨੂੰ ਤੇਰੇ ਜਿਹਾ ਨਾ ਕੋਈ ਹੋਰ
...............
ਭਾਰਾ ਮੁਲਕ ਮਾਹੀ ਦਾ ਵਸੇ
ਨਾ ਮੇਰਾ ਨਾ ਤੇਰਾ
ਚੰਨ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾ ਬਾਝ ਹਨੇਰਾ
...............

Friday 12 December 2008

ਤੇਰਾ ਮੇਰਾ ਇੱਕ ਮਨ ਵੇ

ਜੇਰਾ ਜੇਰਾ ਜੇਰਾ
ਪੂਣੀਆਂ ਮੈਂ ਢਾਈ ਕੱਤੀਆਂ
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ
ਨੰਘ ਗਿਆ ਨੱਕ ਵੱਟ ਕੇ
ਤੈਨੂੰ ਮਾਣ ਵੇ ਚੰਦਰਿਆ ਕਿਹੜਾ
ਸ਼ੀਸ਼ਾ ਦੇਖ ਲੈ ਕੇ ਮੁੰਡਿਆ
ਤੇਰੇ ਰੰਗ ਤੋਂ ਤੇਜ ਰੰਗ ਮੇਰਾ
ਝਾਕਦੀ ਦੀ ਅੱਖ ਪਕਗੀ
ਕਦੇ ਪਾ ਵਤਨਾਂ ਵੱਲ ਫੇਰਾ
...............
ਲੋਈ ਲੋਈ ਲੋਈ
ਲੁਕ ਛਿਪ ਮਿਲ ਮਿੱਤਰਾ
ਕਾਹਨੂੰ ਕਰਦਾ ਫਿਰੇਂ ਬਦਖੋਈ
ਜੱਗ ਵਿੱਚ ਵਸਦਾ ਰਹੇਂ
ਹੱਥ ਬੰਨ੍ਹ ਕੇ ਕਰਾਂ ਅਰਜੋਈ
ਭੁੱਖ ਤੇਰੇ ਦਰਸ਼ਣ ਦੀ
ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ
...............
ਡਾਕੇ ਡਾਕੇ ਡਾਕੇ
ਜਾਂਦੀ ਜੱਟੀ ਮੇਲੇ ਨੂੰ
ਤੁਰਦੀ ਨਾਗਵਲ ਖਾ ਕੇ
ਗੁੱਟ ਤੇ ਪਵਾਉਣੀ ਮੋਰਨੀ
ਮੈਂ ਤਾਂ ਵਿੱਚ ਮੇਲੇ ਦੇ ਜਾ ਕੇ
ਤੈਨੂੰ ਪੱਟ ਲੈਣਗੇ
ਜੱਟ ਫਿਰਦੇ ਹੱਥਾਂ ਨੂੰ ਥੁੱਕ ਲਾ ਕੇ
ਕਰਦੂੰ ਗਜ ਵਰਗਾ
ਕੋਈ ਦੇਖੇ ਤਾਂ ਜੱਟੀ ਨੂੰ ਹੱਥ ਲਾ ਕੇ
ਨਾ ਜਾਈਂ ਮੇਲੇ ਨੂੰ
ਕੋਈ ਲੈ ਜੂ ਜੇਬ 'ਚ ਪਾ ਕੇ
...............
ਚਾਦੀਂ ਚਾਦੀਂ ਚਾਦੀਂ
ਸੁੱਤਿਆ ਜਾਗ ਪੂਰਨਾ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਕੁਆਰੀ ਦਾ ਐਸਾ ਹੁਸਨ ਐ
ਜਿਉਂ ਗਰਸਾਂ ਦੀ ਚਾਂਦੀ
ਵਿੱਛੜੇ ਮਿਤਰਾਂ ਦੀ
ਸੋਚ ਹੱਡਾਂ ਨੂੰ ਖਾਂਦੀ
...............
ਮੱਠੀਆਂ ਮੱਠੀਆਂ ਮੱਠੀਆਂ
ਤੇਰਾ ਮੇਰਾ ਇੱਕ ਮਨ ਵੇ
ਤੇਰੀ ਮਾਂ ਨੇ ਦਰੈਤਾਂ ਰੱਖੀਆਂ
ਤੈਨੂੰ ਦੇਵੇ ਕੁੱਟ ਚੂਰੀਆਂ
ਮੈਨੂੰ ਚੰਦਰੇ ਘਰਾਂ ਦੀਆਂ ਲੱਸੀਆਂ
ਤੇਰੇ ਫਿਕਰਾਂ 'ਚ
ਰੋਜ ਘਟਾਂ ਤਿੰਨ ਰੱਤੀਆਂ
...............

Sunday 7 December 2008

ਪਿਆਰੀ ਤੂੰ ਲਗਦੀ

ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਕੈਂਠਾ ਪਾਲਸ਼ ਕੀਤਾ
ਮੈਂ ਤਾਂ ਤੈਨੂੰ ਖੜੀ ਉਡੀਕਾਂ
ਤੂੰ ਤੁਰ ਗਿਆ ਚੁੱਪ ਕੀਤਾ
ਜੋੜੀ ਨਾ ਬਣਦੀ
ਪਾਪ ਜਿਨ੍ਹਾਂ ਦਾ ਕੀਤਾ
.............
ਤਾਵੇ ਤਾਵੇ ਤਾਵੇ
ਰਾਹ ਸੰਗਰੂਰਾਂ ਦਾ
ਮੁੰਡਾ ਪੜ੍ਹਨ ਕਾਲਜੇ ਜਾਵੇ
ਰਾਹ ਵਿਚ ਕੁੜੀ ਟੱਕਰੀ
ਮੁੰਡਾ ਦੇਖ ਕੇ ਨੀਵੀਂਆਂ ਪਾਵੇ
ਫੇਲ੍ਹ ਕਰਾਤਾ ਨੀ
ਤੈਂ ਲੰਮੀਏਂ ਮੁਟਿਆਰੇ
.............
ਕਾਲੀ ਚੁੰਨੀ ਲੈਨੀ ਆ ਕੁੜੀਏ
ਬਚ ਕੇ ਰਹੀਏ ਜਹਾਨੋਂ
ਚੰਗੇ ਬੰਦਿਆਂ ਨੂੰ ਲੱਗਣ ਤੁਹਮਤਾਂ
ਗੋਲੇ ਡਿੱਗਣ ਅਸਮਾਨੋਂ
ਪਿਆਰੀ ਤੂੰ ਲਗਦੀ
'ਕੇਰਾਂ ਬੋਲ ਜਬਾਨੋਂ
.............
ਕੋਰਾ ਕਾਗਜ਼ ਨੀਲੀ ਸਿਆਹੀ
ਗੂੜ੍ਹੇ ਅੱਖਰ ਪਾਵਾਂ
ਨਹੀਂ ਤਾਂ ਗੱਭਰੂਆ ਆਜਾ ਘਰ ਨੂੰ
ਲੈ ਆ ਕਟਾ ਕੇ ਨਾਮਾ
ਭਰੀ ਜਵਾਨੀ ਇਓਂ ਢਲ ਜਾਂਦੀ
ਜਿਓਂ ਬਿਰਛਾਂ ਦੀਆਂ ਛਾਵਾਂ
ਇਸ ਜਵਾਨੀ ਨੂੰ
ਕਿਹੜੇ ਖੂਹ 'ਚ ਪਾਵਾਂ
ਜਾਂ
ਸੱਸੀਏ ਮੋੜ ਪੁੱਤ ਨੂੰ
ਹੱਥ ਜੋੜ ਕੇ ਵਾਸਤੇ ਪਾਵਾਂ
.............
ਇਸ਼ਕ-ਮੁਸ਼ਕ ਗੁੱਝੇ ਨਾ ਰਹਿੰਦੇ
ਲੋਕ ਸਿਆਣੇ ਕਹਿੰਦੇ
ਬਾਗਾਂ ਦੇ ਵਿੱਚ ਕਲੀਆਂ ਉੱਤੇ
ਆਣ ਕੇ ਭੌਰੇ ਬਹਿੰਦੇ
ਲੋਕੀਂ ਭੈੜੇ ਸ਼ੱਕ ਕਰਦੇ
ਚਿੱਟੇ ਦੰਦ ਹਸਣੋ ਨਾ ਰਹਿੰਦੇ
.............

Monday 1 December 2008

ਵੀਰ ਮੇਰੇ ਨੇ...

ਵੀਰ ਮੇਰੇ ਨੇ ਕੁੜ੍ਹਤੀ ਦਿੱਤੀ
ਭਾਬੋ ਨੇ ਫੁਲਕਾਰੀ
ਨੀ ਜੱਗ ਜੀਅ ਭਾਬੋ
ਲੱਗੇਂ ਵੀਰ ਤੋਂ ਪਿਆਰੀ
...............
ਵੀਰ ਮੇਰੇ ਨੇ ਪੱਠੇ ਲਿਆਂਦੇ
ਵਿੱਚ ਲਿਆਂਦੇ ਆਗ
ਨੀ ਸਤ ਵੰਨੀਏ ਭਾਬੋ
ਕਦੇ ਤਾਂ ਬੀਬੀ ਆਖ
...............
ਵੀਰ ਮੇਰੇ ਨੇ ਚਰਖਾ ਦਿੱਤਾ
ਵਿਚ ਲਵਾਈਆਂ ਮੇਖਾਂ
ਵੀਰਾ ਤੈਨੂੰ ਯਾਦ ਕਰਾਂ
ਮੈਂ ਜਦ ਚਰਖੇ ਵੱਲ ਵੇਖਾਂ
..............
ਵੀਰ ਮੇਰੇ ਨੇ ਕੁੜ੍ਹਤੀ ਭੇਜੀ
ਉਹ ਵੀ ਆ ਗਈ ਠੀਕ
ਜਦ ਮੈਂ ਪਾ ਨਿੱਕਲੀ
ਜਲ ਜਲ ਜਾਣ ਸ਼ਰੀਕ
..............
ਵੀਰ ਮੇਰੇ ਨੇ ਖੂਹ ਲਵਾਇਆ
ਵਿਚ ਸੁੱਟੀਆਂ ਤਲਵਾਰਾਂ
ਚਰਖ਼ੇ ਸੁੰਨੇ ਪਏ
ਕਿੱਧਰ ਗਈਆਂ ਮੁਟਿਆਰਾਂ
..............