Wednesday, 24 December, 2008

ਤੈਂ ਛਤਰੀ ਨਾ ਤਾਣੀ

ਨੌਕਰ ਨੂੰ ਤਾਂ ਨਾਰ ਪਿਆਰੀ
ਜਿਉਂ ਵਾਹਣਾ ਨੂੰ ਪਾਣੀ
ਲੱਗੀ ਦੋਸਤੀ ਚੱਕੀਆਂ ਸ਼ਰਮਾਂ
ਰੋਟੀ 'ਕੱਠਿਆਂ ਖਾਣੀ
ਭਿੱਜ ਗਈ ਬਾਹਰ ਖੜੀ
ਤੈਂ ਛਤਰੀ ਨਾ ਤਾਣੀ
.............
ਨਾ ਵੇ ਪੂਰਨਾ ਚੋਰੀ ਕਰੀਏ
ਨਾ ਵੇ ਮਾਰੀਏ ਡਾਕਾ
ਬਾਰਾਂ ਬਰਸ ਦੀ ਸਜ਼ਾ ਬੋਲਜੂ
ਪੀਹਣਾ ਪੈ ਜੂ ਆਟਾ
ਨੇੜੇ ਆਈ ਦੀ ਬਾਂਹ ਨਾ ਫੜੀਏ
ਲੋਕ ਕਹਿਣਗੇ ਡਾਕਾ
ਕੋਠੀ ਪੂਰਨ ਦੀ
ਵਿੱਚ ਪਰੀਆਂ ਦਾ ਵਾਸਾ
.............
ਵਿੱਚ ਬਾਗਾਂ ਦੇ ਸੋਹੇ ਕੇਲਾ
ਖੇਤਾਂ ਵਿੱਚ ਰਹੂੜਾ
ਤੈਨੂੰ ਵੇਖ ਕੇ ਤਿੰਨ ਵਲ ਖਾਵਾਂ
ਖਾ ਕੇ ਮਰਾਂ ਧਤੂਰਾ
ਕਾਹਨੂੰ ਪਾਇਆ ਸੀ
ਪਿਆਰ ਵੈਰਨੇ ਗੂੜ੍ਹਾ
.............
ਆ ਵਣਜਾਰਿਆ ਬਹਿ ਵਣਜਾਰਿਆ
ਆਈਂ ਹਮਾਰੇ ਘਰ ਵੇ
ਚਾਰ ਕੁ ਕੁੜੀਆਂ ਕਰ ਲੂੰ 'ਕੱਠੀਆਂ
ਕਿਉਂ ਫਿਰਦਾ ਦਰ ਦਰ ਵੇ
ਝਿੜਕਾਂ ਰੋਜ਼ ਦੀਆਂ
ਮੈਂ ਜਾਉਂਗੀ ਮਰ ਵੇ
.............
ਮੈਲਾ ਕੁੜਤਾ ਸਾਬਣ ਥੋੜੀ
ਬਹਿ ਪਟੜੇ ਤੇ ਧੋਵਾਂ
ਪਾਸਾ ਮਾਰ ਕੇ ਲੰਘ ਗਿਆ ਕੋਲ ਦੀ
ਛੰਮ ਛੰਮ ਅੱਖੀਆਂ ਰੋਵਾਂ
ਬਾਹੋਂ ਫੜ ਕੇ ਪੁਛਣ ਲੱਗੀ
ਕਦੋਂ ਕਰੇਂਗਾ ਮੋੜੇ
ਵੇ ਆਪਣੇ ਪਿਆਰਾਂ ਦੇ
ਮੌਤੋਂ ਬੁਰੇ ਵਿਛੋੜੇ
.............No comments: