Showing posts with label sass. Show all posts
Showing posts with label sass. Show all posts

Sunday, 29 March 2009

ਜੰਗਲ ਦੀ ਮੈਂ ਜੰਮੀ ਜਾਈ

ਸੁਣ ਨੀ ਕੁੜੀਏ ਮਛਲੀ ਵਾਲੀਏ
ਮਛਲੀ ਨਾ ਚਮਕਾਈਏ
ਖੂਹ ਟੋਭੇ ਤੇ ਹੁੰਦੀ ਚਰਚਾ
ਚਰਚਾ ਨਾ ਕਰਵਾਈਏ
ਨੀ ਆਵਦੇ ਮਾਪਿਆਂ ਦੀ
ਫੁੱਲ ਵਰਗੀ ਰੱਖ ਜਾਈਏ
.............
ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਮੈਥੋਂ ਕੁੱਟੀ ਨਾ ਜਾਂਦੀ
ਗੁੱਤੋਂ ਲੈਂਦੇ ਫੜ ਵੇ
ਮੇਰਾ ਉੱਡੇ ਡੋਰੀਆ
ਮਹਿਲਾਂ ਵਾਲੇ ਘਰ ਵੇ
.............
ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਹੱਥ 'ਚ ਕੁਰਪਾ ਮੋਢੇ ਚਾਦਰ
ਮੱਕੀ ਗੁੱਡਣ ਲਾਈ
ਗੁੱਡਦਿਆਂ ਗੁੱਡਦਿਆਂ ਪੈ ਗਏ ਛਾਲੇ
ਆਥਣ ਨੂੰ ਘਰ ਆਈ
ਘਰ ਆਉਂਦੀ ਨੂੰ ਸੱਸ ਦੇਵੇ ਤਾਹਨੇ
ਘਾਹ ਦੀ ਪੰਡ ਨਾ ਲਿਆਈ
ਵੱਡੇ, ਕੱਟੇ, ਵੱਗ ਰਲਾਵਾਂ
ਮਹਿੰ ਨੂੰ ਲੈਣ ਕਸਾਈ
ਪੰਜੇ ਤੇਰੇ ਪੁੱਤ ਮਰ ਜਾਣ
ਛੀਵਾਂ ਮਰੇ ਜਮਾਈ
ਸੱਤਮਾਂ ਤੇਰਾ ਉਹ ਮਰ ਜਾਵੇ
ਜੀਹਦੇ ਲੜ ਤੂੰ ਲਾਈ
ਅੱਠਮੇਂ ਤੇਰੇ ਮਰਨ ਭਤੀਜੇ
ਨੌਮਾਂ ਮਰਜੇ ਭਾਈ
ਗਾਲ ਭਰਾਵਾਂ ਦੀ
ਕੀਹਨੇ ਕੱਢਣ ਸਖਾਈ
.............
ਮਹੀਵਾਲ ਨੇ ਦੇਖੀ ਸੋਹਣੀ
ਖੜਾ ਕਰੇ ਤਦਬੀਰਾਂ
ਰੱਬਾ ਤੇਰਾ ਅੰਤ ਨਾ ਆਇਆ
ਕਾਲਜਾ ਹੋ ਗਿਆ ਲੀਰਾਂ
ਖਾਤਰ ਸੋਹਣੀ ਦੀ
ਹੋ ਗਿਆ ਵਾਂਗ ਫਕੀਰਾਂ
.............
ਜਦੋਂ ਹੀਰ ਦਾ ਧਰਿਆ ਮੁਕਲਾਵਾ
ਉਸ ਨੂੰ ਖਬਰ ਨਾ ਕਾਈ
ਕੁੜੀਆਂ ਉਹਦੇ ਹੋਈਆਂ ਉਦਾਲੇ
ਉਹਨੇ ਮੰਹਿਦੀ ਨਾ ਲਾਈ
ਸੁੱਤੀ ਪਈ ਦੇ ਲਾ 'ਤੀ ਮੰਹਿਦੀ
ਚੜ੍ਹ ਗਿਆ ਰੰਗ ਇਲਾਹੀ
ਪਾਣੀ ਲਾ ਲਾ ਹੀਰ ਧੋਵੇ ਬਥੇਰਾ
ਧੋਣ ਦੀ ਜਾਂਚ ਨਾ ਆਈ
ਮੰਹਿਦੀ ਸ਼ਗਨਾਂ ਦੀ
ਚੜ੍ਹ ਗਈ ਦੂਣ ਸਵਾਈ
.............


ਧੰਨਵਾਦ : Rajwant Kaur(Dr.) Punjabi Tribune

Friday, 12 December 2008

ਤੇਰਾ ਮੇਰਾ ਇੱਕ ਮਨ ਵੇ

ਜੇਰਾ ਜੇਰਾ ਜੇਰਾ
ਪੂਣੀਆਂ ਮੈਂ ਢਾਈ ਕੱਤੀਆਂ
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ
ਨੰਘ ਗਿਆ ਨੱਕ ਵੱਟ ਕੇ
ਤੈਨੂੰ ਮਾਣ ਵੇ ਚੰਦਰਿਆ ਕਿਹੜਾ
ਸ਼ੀਸ਼ਾ ਦੇਖ ਲੈ ਕੇ ਮੁੰਡਿਆ
ਤੇਰੇ ਰੰਗ ਤੋਂ ਤੇਜ ਰੰਗ ਮੇਰਾ
ਝਾਕਦੀ ਦੀ ਅੱਖ ਪਕਗੀ
ਕਦੇ ਪਾ ਵਤਨਾਂ ਵੱਲ ਫੇਰਾ
...............
ਲੋਈ ਲੋਈ ਲੋਈ
ਲੁਕ ਛਿਪ ਮਿਲ ਮਿੱਤਰਾ
ਕਾਹਨੂੰ ਕਰਦਾ ਫਿਰੇਂ ਬਦਖੋਈ
ਜੱਗ ਵਿੱਚ ਵਸਦਾ ਰਹੇਂ
ਹੱਥ ਬੰਨ੍ਹ ਕੇ ਕਰਾਂ ਅਰਜੋਈ
ਭੁੱਖ ਤੇਰੇ ਦਰਸ਼ਣ ਦੀ
ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ
...............
ਡਾਕੇ ਡਾਕੇ ਡਾਕੇ
ਜਾਂਦੀ ਜੱਟੀ ਮੇਲੇ ਨੂੰ
ਤੁਰਦੀ ਨਾਗਵਲ ਖਾ ਕੇ
ਗੁੱਟ ਤੇ ਪਵਾਉਣੀ ਮੋਰਨੀ
ਮੈਂ ਤਾਂ ਵਿੱਚ ਮੇਲੇ ਦੇ ਜਾ ਕੇ
ਤੈਨੂੰ ਪੱਟ ਲੈਣਗੇ
ਜੱਟ ਫਿਰਦੇ ਹੱਥਾਂ ਨੂੰ ਥੁੱਕ ਲਾ ਕੇ
ਕਰਦੂੰ ਗਜ ਵਰਗਾ
ਕੋਈ ਦੇਖੇ ਤਾਂ ਜੱਟੀ ਨੂੰ ਹੱਥ ਲਾ ਕੇ
ਨਾ ਜਾਈਂ ਮੇਲੇ ਨੂੰ
ਕੋਈ ਲੈ ਜੂ ਜੇਬ 'ਚ ਪਾ ਕੇ
...............
ਚਾਦੀਂ ਚਾਦੀਂ ਚਾਦੀਂ
ਸੁੱਤਿਆ ਜਾਗ ਪੂਰਨਾ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਕੁਆਰੀ ਦਾ ਐਸਾ ਹੁਸਨ ਐ
ਜਿਉਂ ਗਰਸਾਂ ਦੀ ਚਾਂਦੀ
ਵਿੱਛੜੇ ਮਿਤਰਾਂ ਦੀ
ਸੋਚ ਹੱਡਾਂ ਨੂੰ ਖਾਂਦੀ
...............
ਮੱਠੀਆਂ ਮੱਠੀਆਂ ਮੱਠੀਆਂ
ਤੇਰਾ ਮੇਰਾ ਇੱਕ ਮਨ ਵੇ
ਤੇਰੀ ਮਾਂ ਨੇ ਦਰੈਤਾਂ ਰੱਖੀਆਂ
ਤੈਨੂੰ ਦੇਵੇ ਕੁੱਟ ਚੂਰੀਆਂ
ਮੈਨੂੰ ਚੰਦਰੇ ਘਰਾਂ ਦੀਆਂ ਲੱਸੀਆਂ
ਤੇਰੇ ਫਿਕਰਾਂ 'ਚ
ਰੋਜ ਘਟਾਂ ਤਿੰਨ ਰੱਤੀਆਂ
...............