Showing posts with label muklawa. Show all posts
Showing posts with label muklawa. Show all posts

Thursday, 26 March 2009

ਗਿੱਧੇ 'ਚ ਸਭਦਾ ਸੀਰ

ਪੰਦਰਾਂ ਵਰ੍ਹਿਆਂ ਦੀ ਹੋ ਗਈ ਜੈ ਕੁਰ
ਬਰਸ ਸੋਲ੍ਹਵਾਂ ਚੜ੍ਹਿਆ
ਬਾਪ ਉਹਦੇ ਮੁੰਡਾ ਟੋਲਿਆ
ਘਰ ਪੰਡਤਾਂ ਦੇ ਵੜ੍ਹਿਆ
ਉੱਠੋ ਪੰਡਤ ਜੀ ਖੋਲੋ ਪੱਤਰੀ
ਦਾਨ ਦੇਊਂ ਜੋ ਸਰਿਆ
ਅਗਲੀ ਪੁੰਨਿਆਂ ਦਾ
ਵਿਆਹ ਜੈ ਕੁਰ ਦਾ ਧਰਿਆ
.................
ਵਿਆਹੁਲੇ ਗਿੱਧੇ ਵਿਚ ਆਈਆਂ ਕੁੜੀਆਂ
ਰੌਣਕ ਹੋ ਗਈ ਭਾਰੀ
ਪਹਿਲਾ ਨੰਬਰ ਵਧ ਗਈ ਫਾਤਾਂ
ਨਰਮ ਰਹੀ ਕਰਤਾਰੀ
ਲੱਛੀ ਦਾ ਰੰਗ ਬਹੁਤਾ ਪਿੱਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ
ਤੇਰੇ ਨੱਚਣ ਦੀ ਵਾਰੀ
.................
ਵੀਰਾਂ ਦੇ ਵਿਆਹ ਆ ਗਏ, ਭੈਣੋਂ
ਆਓ ਸ਼ਗਨ ਮਨਾਈਏ
ਗਿੱਧਾ ਪਾ ਪਾ ਕੇ
ਦਿਲ ਦੀਆਂ ਖੋਲ੍ਹ ਸੁਣਾਈਏ
.................
ਮਾਂ ਸਾਡੀ ਨੂੰ ਚੜ੍ਹੀਆਂ ਖੁਸ਼ੀਆਂ
ਵਿਆਹੁਣ ਚੱਲਿਆ ਸਾਡਾ ਵੀਰ
ਖੁੱਲ ਕੇ ਨੱਚ ਕੁੜੀਏ
ਗਿੱਧੇ 'ਚ ਸਭਦਾ ਸੀਰ
.................
ਰਾਜ ਦੁਆਰੇ ਬਹਿ ਗਈ ਰਾਜੋ
ਰੱਤਾ ਪੀੜ੍ਹਾ ਡਾਹ ਕੇ
ਕਿਉੜਾ ਛਿੜਕ ਲਿਆ ਆਸੇ ਪਾਸੇ
ਅਤਰ ਫੁਲੇਲ ਰਮਾ ਕੇ
ਸੱਗੀ ਤੇ ਫੁੱਲ ਬਘਿਆੜੀ ਸੋਹਂਦੇ
ਰੱਖੇ ਬਿੰਦੀ ਚਮਕਾ ਕੇ
ਕੰਨਾਂ ਦੇ ਵਿਚ ਸਜਣ ਕੋਕਰੂ
ਰੱਖੇ ਵਾਲਿਆਂ ਨੂੰ ਲਿਸ਼ਕਾ ਕੇ
ਬਾਹਾਂ ਦੇ ਵਿਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿਚ ਸਜਣ ਪਟੜੀਆਂ
ਵੇਖ ਲਉ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ
ਸਭ ਵੇਖਣ ਘੁੰਡ ਚੁਕਾ ਕੇ
.................
ਨਵੀਂ ਬਹੂ ਮੁਕਲਾਵੇ ਆਈ
ਬਹਿ ਗਈ ਪੀੜ੍ਹਾ ਡਾਹ ਕੇ
ਲਹਿੰਗਾ ਜਾਮਨੀ ਕੁੜਤੀ ਵਰੀ ਦੀ
ਬਹਿ ਗਈ ਚੌਂਕ ਚੰਦ ਪਾ ਕੇ
ਪਿੰਡ ਦੀਆਂ ਕੁੜੀਆਂ ਚਾਵਾਂ ਮੱਤੀਆਂ
ਆਈਆਂ ਹੁੰਮ ਹੁਮਾ ਕੇ
ਨਵੀਂ ਵਿਆਹੁਲੀ ਦਾ
ਨਾਂ ਪੁੱਛਣ ਘੁੰਡ ਚੁਕਾ ਕੇ
.................
ਟੌਰੇ ਬਾਝ ਨਾ ਸੋਂਹਦਾ ਗੱਭਰੂ
ਕਾਠੀ ਬਾਝ ਨਾ ਬੋਤੀ
ਪੱਤਾਂ ਬਾਝ ਨਾ ਸੋਂਹਦੀ ਮਛਲੀ
ਤੁੰਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮੰਗੇ
ਅਸਾਂ ਐਵੇਂ ਈ ਲੜੀ ਪਰੋਤੀ
ਹੀਰ ਨੇ (ਜਾਂ ਇਹਨੇ) ਕੀ ਨੱਚਣਾ
ਇਹ ਤਾਂ ਕੌਲੇ ਨਾਲ ਖੜੋਤੀ
.................
ਕੌੜੇ ਬੋਲ ਨਾ ਬੋਲ ਮੇਲਣੇ
ਕੀ ਲੈਣਾ ਈ ਗੁਸੈਲੀ ਬਣ ਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਗਿੱਧੇ 'ਚ ਆ ਬਣ ਠਣ ਕੇ
.................
ਵਿਆਹੁਲੇ ਗਿੱਧੇ 'ਚ ਆਈ ਸ਼ਾਮੋ
ਲੌਂਗ ਦੀ ਚਾਨਣੀ ਮਾਰੇ
ਖੁੱਲ੍ਹ ਕੇ ਨੱਚ ਲੈ ਨੀ
ਕੂੰਜ ਪਤਲੀਏ ਨਾਰੇ
.................

Tuesday, 4 November 2008

ਬਾਰੀਂ ਬਰਸੀਂ ਖੱਟਣ ਗਿਆ ਸੀ

ਝਾਂਜਰ ਬਣ ਮਿੱਤਰਾ
ਤੈਨੂੰ ਅੱਡੀਆਂ ਕੂਚ ਕੇ ਪਾਵਾਂ
......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਡੋਲ

ਵਣਾਂ ਵਿੱਚ ਆਜਾ ਵੇ
ਸੁਣ ਕੇ ਮੇਰਾ ਬੋਲ
.......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਰੇਤੀ

ਪਾਰ ਲੰਘਾ ਦੇ ਵੇ
ਤੂੰ ਨਦੀਆਂ ਦਾ ਭੇਤੀ
........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਛਾਪੇ

ਦਿਲ ਨੂੰ ਟਿਕਾਣੇ ਰੱਖੀਏ
ਯਾਰ ਹੋਣਗੇ ਮਿਲਣਗੇ ਆਪੇ
.......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਤਾਣਾ

ਬੰਤੋ ਬਣ ਬੱਕਰੀ
ਜੱਟ ਬਣੇ ਤੂਤ ਦਾ ਟਾਹਣਾ
......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਰੋੜ

ਮੇਰੀ ਕੀਹਨੇ ਖਿੱਚ ਲਈ
ਪਤੰਗ ਵਾਲੀ ਡੋਰ
........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਪਦੀਨਾ

ਰਾਹ 'ਤੇ ਘਰ ਮੇਰਾ
ਮਿਲ ਕੇ ਜਾਈਂ ਸ਼ਕੀਨਾ
..........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਇਆ ਟੱਲੀ

ਸਾਹਮਣੇ ਘਰ ਵਾਲਿਆ
ਮੈਂ ਅੱਜ ਮੁਕਲਾਵੇ ਚੱਲੀ
.........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਪਾਵੇ

ਰਾਂਝੇ ਨੂੰ ਪਿੱਛੇ ਛੱਡ ਕੇ
ਮੈਥੋਂ ਪੱਬ ਚੱਕਿਆ ਨਾ ਜਾਵੇ
.........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਡੰਡਾ

ਸਾਧਣੀ ਹੋ ਜਾਊਂਗੀ
ਤੈਨੂੰ ਕਰਕੇ ਰੰਡਾ
......................

Saturday, 13 September 2008

ਵਿਆਂਦੜ ਫੁੱਲ ਵਰਗਾ


ਸੋਹਣਾ ਵਿਆਂਦੜ ਰਥ ਵਿਚ ਬਹਿ ਗਿਆ

ਹੇਠ ਚੁਤੱਹੀ ਵਿਛਾ ਕੇ

ਊਠਾਂ ਤੇ ਸਭ ਜਾਨੀ ਚੜ ਗਏ

ਝਾਂਜਰਾਂ ਛੋਟੀਆਂ ਪਾ ਕੇ

ਰਥ ਗੱਡੀਆਂ ਜਾ ਅੰਤ ਨਾ ਕੋਈ

ਜਾਨੀ ਚੜ ਗਏ ਸਜ ਸਜਾ ਕੇ

ਜੰਨ ਆਈ ਜਦ ਕੁੜੀਆਂ ਦੇਖੀ

ਆਈਆਂ ਹੁੰਮ ਹੁੰਮਾ ਕੇ

ਵਿਆਂਦੜ ਫੁੱਲ ਵਰਗਾ

ਦੇਖ ਵਿਆਹੁਲੀਏ ਆ ਕੇ

...............................

ਪਹਿਲੀ ਵਾਰ ਬਹੂ ਗਈ ਮੁਕਲਾਵੇ

ਗੱਲ ਪੁੱਛ ਲੈਂਦਾ ਸਾਰੀ

ਕੀਹਦੇ ਨਾਲ ਤੇਰੀ ਲੱਗੀ ਦੋਸਤੀ

ਕੀਹਦੇ ਨਾਲ ਤੇਰੀ ਯਾਰੀ

ਨਾ ਵੇ ਕਿਸੇ ਨਾਲ ਲੱਗੀ ਦੋਸਤੀ

ਨਾ ਵੇ ਕਿਸੇ ਨਾਲ ਯਾਰੀ

ਪੇਕੇ ਰੰਹਿਦੇ ਸੀ

ਕਰਦੇ ਸੀ ਸਰਦਾਰੀ

...............................

ਸੜਕੇ ਸੜਕੇ ਮੈਂ ਰੋਟੀ ਲਈ ਜਾਂਦੀ

ਲੱਭ ਗਈ ਸੁਰਮੇਦਾਣੀ

ਘਰ ਆ ਕੇ ਮੈਂ ਪਾਉਣ ਲੱਗੀ

ਮੱਚਦੀ ਫਿਰੇ ਜਿਠਾਣੀ

ਮਿੰਨਤਾਂ ਨਾ ਕਰ ਵੇ

ਮੈਂ ਰੋਟੀ ਨਹੀਂ ਖਾਣੀ

...............................

ਜਦ ਮੈਂ ਕੀਤੀ ਬੀ. ਏ. ਬੀ. ਐਡ

ਲੋਕੀਂ ਦੇਣ ਵਧਾਈ

ਹਾਣੀ ਮੇਰਾ ਫੇਲ਼ ਹੋ ਗਿਆ

ਮੈਨੂੰ ਹੀਣਤ ਆਈ

ਤਿੰਨ ਵਾਰੀ ਉਹ ਰਿਹਾ ਵਿਚਾਲੇ

ਡਿਗਰੀ ਹੱਥ ਨਾ ਆਈ

ਮੇਰੇ ਮਾਪਿਆਂ ਨੇ

ਬੀ. ਏ. ਫੇਰ ਕਰਾਈ

...............................

ਜੇ ਮੁੰਡਿਆ ਤੂੰ ਫੌਰਨ ਜਾਣਾ

ਜਾਈਂ ਸਾਡੇ ਨਾਲ ਲੜਕੇ

ਨਾ ਵੇ ਅਸੀਂ ਤੈਨੂੰ ਯਾਦ ਕਰਾਂਗੇ

ਨਾ ਰੋਈਏ ਮਨ ਭਰਕੇ

ਉੱਠ ਪਰਦੇਸ ਗਿਆ

ਮਨ ਸਾਡੇ ਵਿਚ ਵਸ ਕੇ

...............................