Showing posts with label sajjan. Show all posts
Showing posts with label sajjan. Show all posts

Saturday, 22 November 2008

ਵਗਦੀ ਰਾਵੀ ਦੇ ਵਿੱਚ

ਵਗਦੀ ਰਾਵੀ ਦੇ ਵਿੱਚ
ਨ੍ਹਾਉਣ ਨੀ ਕੁਆਰੀਆਂ
ਕੰਨੀਂ ਬੁੰਦੇ ਨੀ ਸਈਓ
ਅੱਖਾਂ ਲੋੜ੍ਹੇ ਮਾਰੀਆਂ
............
ਵਗਦੀ ਰਾਵੀ ਦੇ ਵਿੱਚ
ਦੋ ਸਾਧੂ ਨ੍ਹਾਉਂਦੇ
ਚੱਕ ਦੇ ਪੱਲਾ ਨੀ
ਤੇਰੇ ਪੈਰੀਂ ਹੱਥ ਲਾਉਂਦੇ
............
ਵਗਦੀ ਰਾਵੀ ਦੇ ਵਿੱਚ
ਦੋ ਸਾਧੂ ਨ੍ਹਾਉਂਦੇ
ਕਿੱਕਣ ਚੱਕਾਂ ਵੇ
ਘਰ ਡੰਡਾ ਖੜਕਾਉਂਦੇ
............
ਵਗਦੀ ਰਾਵੀ ਦੇ ਵਿੱਚ
ਸਾਗ ਚਲਾਈ ਦਾ
ਮੈਂ ਨਾ ਜੰਮਦੀ ਮਾਹੀਆ
ਵੇ ਤੂੰ ਕਿੱਥੋਂ ਵਿਆਹੀਦਾ
............
ਵਗਦੀ ਰਾਵੀ ਦੇ ਵਿੱਚ
ਗੰਨੇ ਦੀਆਂ ਗੰਨੇਰੀਆਂ
ਤੂੰ ਨਾ ਜੰਮਦੀ ਗੋਰੀਏ
ਨੀ ਮੈਨੂੰ ਹੋਰ ਬਥੇਰੀਆਂ
............
ਵਗਦੀ ਰਾਵੀ ਦੇ ਵਿੱਚ
ਸੁੱਟਦੀ ਆਂ ਆਨਾ
ਖੋਲ੍ਹ ਕੇ ਜਾਈਂ ਵੇ
ਸਾਡਾ ਸ਼ਗਨਾ ਦਾ ਗਾਨਾ
............
ਵਗਦੀ ਸੀ ਰਾਵੀ
ਵਿੱਚ ਘੁੱਗੀਆਂ ਦਾ ਜੋੜਾ
ਇੱਕ ਘੁੱਗੀ ਉੱਡੀ
ਲੰਮਾ ਪੈ ਗਿਆ ਵਿਛੋੜਾ
............

Saturday, 1 November 2008

ਮਿਹਣੇ ਦੇਣ ਸਹੇਲੀਆਂ (ਲੋਕ-ਗੀਤ)

ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !
ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ !

ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !
ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ !

ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !
ਕੋਠੇ 'ਤੇ ਤਸਵੀਰ, ਵੇ ਸੱਜਣ ਮੇਰਿਆ !

ਮੈਂ ਦਰਿਆ ਦੀ ਮਛਲੀ, ਵੇ ਚੀਰੇ ਵਾਲਿਆ !
ਤੂੰ ਦਰਿਆ ਦਾ ਨੀਰ, ਵੇ ਸੱਜਣ ਮੇਰਿਆ !

ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !
ਧੁਰ ਕੋਠੇ 'ਤੇ 'ਵਾ, ਵੇ ਜਾਨੀ ਮੇਰਿਆ !

ਸ਼ੱਕਰ ਹੋਵੇ ਤਾਂ ਵੰਡੀਏ, ਵੇ ਕੰਠੇ ਵਾਲਿਆ !
ਰੂਪ ਨਾ ਵੰਡਿਆ ਜਾ, ਵੇ ਜਾਨੀ ਮੇਰਿਆ !

ਧਾਗਾ ਹੋਵੇ ਤਾਂ ਤੋੜੀਏ ਵੇ ਕੰਠੇ ਵਾਲਿਆ !
ਪ੍ਰੀਤ ਨਾ ਤੋੜੀ ਜਾ, ਵੇ ਜਾਨੀ ਮੇਰਿਆ !

ਢਲ 'ਗਏ ਤਰੰਗੜ ਖਿੱਤੀਆਂ, ਵੇ ਚੀਰੇ ਵਾਲਿਆ !
ਹੋ ਚੱਲੀ ਪ੍ਰਭਾਤ ਵੇ, ਵੇ ਜਾਨੀ ਮੇਰਿਆ !

ਮੈਨੂੰ ਮਿਹਣੇ ਦੇਣ ਸਹੇਲੀਆਂ,ਵੇ ਚੀਰੇ ਵਾਲਿਆ !
ਮੇਰੀ ਪਰਤ ਨਾ ਪੁੱਛੀ ਬਾਤ, ਵੇ ਜਾਨੀ ਮੇਰਿਆ !