Thursday 19 March 2009

ਹੁਣ 'ਕੱਠ ਨਹੀਂ ਨਿਭਦਾ

ਸੁਣ ਲੈ ਵੀਰਨਾ ਗੱਲ ਤੂੰ ਮੇਰੀ
ਸੁਣ ਲੈ ਮਨ ਚਿੱਤ ਲਾ ਕੇ
ਤੜਕੇ ਉੱਠ ਕੇ ਦੁੱਧ ਮੈਂ ਰਿੜਕਾਂ
ਬਲਦਾਂ ਨੂੰ ਪੱਠੇ ਪਾ ਕੇ
ਦਸ ਮੈਂ ਟੋਕਰੇ ਗੋਹੇ ਦੇ ਸਿੱਟਦਾ
ਗਾਈਆਂ ਨੂੰ ਵੱਗ ਰਲਾ ਕੇ
ਦਿਨ ਰਾਤ ਮੈਂ ਬੌਂਦਾ ਫਿਰਦਾ
ਤੂੰ ਆਕੜਦੈਂ ਹਲ ਵਾਹ ਕੇ
ਸਹੁਰੇ ਜਾ ਮਿੱਤਰਾ
ਲਿਆ ਤੀਵੀਂ ਨੂੰ ਜਾਕੇ
................
ਰਾਈਓਂ ਰੇਤ ਵੰਡਾ ਲੈ ਵੀਰਾ
ਕੋਠੇ ਨਾਲ ਚੁਬਾਰਾ
ਪੈਲੀ ਵਿਚੋਂ ਅੱਧ ਵੰਡਾ ਲੈ
ਬਲਦ਼ ਸਾਂਭ ਲੈ ਨਾਰ੍ਹਾ
ਵਿਆਹ ਤੇਰਾ ਕੀ ਹੋਇਆ ਵੀਰਾ
ਤੂੰ ਬਣ ਗਿਆ ਸੂਰਮਾ ਭਾਰਾ
ਹੁਣ 'ਕੱਠ ਨਹੀਂ ਨਿਭਦਾ
ਹੋ ਜਾ ਭਲਕ ਤੋਂ ਨਿਆਰਾ
................
ਸੁਣ ਓਏ ਵੀਰਨਾ, ਗੱਲ ਸੁਣਾਵਾਂ
ਲੋਕ ਮਾਰਦੇ ਵਾਧਾ
ਫੜ ਕੇ ਹਲੀਆ ਵਾਹ ਦੇ ਭੌਂ ਨੂੰ
ਮਗਰੋਂ ਫੇਰੀਂ ਸੁਹਾਗਾ
ਫੜ ਕੇ ਜਿੰਦਰੇ ਕਢ ਦੇ ਕਿਆਰੇ
ਵਿੱਚ ਬੀਜ ਦੇ ਚਰ੍ਹੀ
ਫਲ ਤਾਂ ਰੱਬ ਦਿਊ
ਸੁਸਤੀ ਕਿਉਂ ਐਵੇਂ ਫੜੀ
................
ਭੁੱਖੇ ਨੇ ਮੈਂ ਸੂੜ ਮਾਰਿਆ
ਤਾਪ ਕਹਿਰ ਦਾ ਚੜ੍ਹਿਆ
ਦੁੱਧ ਦੀ ਬੁੱਕ ਤਾਂ ਕੀ ਸਰਨੀ ਸੀ
ਟੁਕ ਸਰੀਖਾ ਨਾ ਸਰਿਆ
ਮਾਪਿਆਂ ਬਾਹਰੇ ਦਾ
ਤਰਸ ਕਿਨ੍ਹੇਂ ਨਾ ਕਰਿਆ
................
ਖੰਡ ਬਾਝ ਦੁੱਧ ਮਿੱਠਾ ਨਾ ਹੁੰਦਾ
ਬਿਰਛਾਂ ਬਾਝ ਨਾ ਛਾਵਾਂ
ਖੇਤ ਉਜਾੜ ਪਿਆ
ਨੱਚ ਕੇ ਕਿਵੇਂ ਦਿਖਾਵਾਂ

1 comment:

Gurinderjit Singh said...

ਬਹੁਤ ਖੂਬ, ਜਨਾਬ!

ਇੱਕ ਨਿੱਕਾ ਜਿਹ ਸੁਝਾਅ!

"ਸੁਣ ਲੈ ਵੀਰਨਾ ਗੱਲ ਤੂੰ ਮੇਰੀ
ਸੁਣ ਲੈ ਮਨ ਚਿੱਤ ਲਾ ਕੇ
ਤੜਕੇ ਉੱਠ ਕੇ ਦੁੱਧ ਮੈਂ ਰਿੜਕਾਂ
ਬਲਦਾਂ ਨੂੰ ਪੱਠੇ ਪਾ ਕੇ
ਦਸ ਮੈਂ ਟੋਕਰੇ ਗੋਹੇ ਦੇ ਸਿੱਟਦਾ
ਗਾਈਆਂ ਨੂੰ ਵੱਗ ਰਲਾ ਕੇ
ਦਿਨ ਰਾਤ ਮੈਂ ਬੌਂਦਾ ਫਿਰਦਾ
ਤੂੰ ਆਕੜਦੈਂ ਹਲ ਵਾਹ ਕੇ
ਸਹੁਰੇ ਜਾ ਮਿੱਤਰਾ
ਲਿਆ ਤੀਵੀਂ ਨੂੰ ਜਾਕੇ"

ਵਿੱਚ, ਅਗਰ ਸਹੁਰੇ ਜਾ ਮਿੱਤਰਾ ਨੂੰ
ਸਹੁਰੇ ਜਾ ਵੀਰਾ ਕਰ ਦੇਈਏ?