Thursday, 1 October, 2009

ਅਰਜਾਂ ਮੇਰੀਆਂ ਕਾਹਤੋਂ ਕਰਦਾ

ਦੰਦ ਕੌਡੀਆਂ ਬੁੱਲ੍ਹ ਪਤਾਸੇ
ਗੱਲ੍ਹਾਂ ਸ਼ਕਰਪਾਰੇ
ਮੱਥਾ ਤੇਰਾ ਬਾਲੇ ਚੰਦ ਦਾ
ਨੈਣ ਗ਼ਜ਼ਬ ਦੇ ਤਾਰੇ
ਦੁਖੀਏ ਆਸ਼ਕ ਨੂੰ
ਨਾ ਝਿੜਕੀਂ ਮੁਟਿਆਰੇ
...............
ਵਿਚ 'ਖਾੜੇ ਦੇ ਪਾਉਂਦਾ ਬੋਲੀਆਂ
ਚੋਬਰ ਸੁਣਦੇ ਸਾਰੇ
ਕਾਲੀ ਚੁੰਨੀ ਵਿਚ ਸੋਂਹਦੇ ਨੇਤਰ
ਚਮਕਣ ਹੋਰ ਸਿਤਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟਗੇ ਭੌਰ ਚੁਬਾਰੇ
................
ਨਿੰਮ ਨਾਲ ਝੂਟਦੀਏ
ਲਾ ਮਿੱਤਰਾਂ ਨਾਲ ਯਾਰੀ
ਨਬਜ ਫੜਾ ਮੈਨੂੰ
ਜੜ ਵੱਢ ਦੂੰ ਰੋਗ ਦੀ ਸਾਰੀ
ਕੱਤਣੀ ਨੂੰ ਫੁੱਲ ਲਗਦੇ
ਕੀਤੀ ਕਿੱਥੇ ਦੀ ਪਟੋਲਿਆ ਤਿਆਰੀ
ਵਿਚ ਦਰਬਾਜੇ ਦੇ
ਫੁੱਲ ਕੱਢਦਾ ਫੁਲਕਾਰੀ
.................
ਏਸ ਜੁਆਨੀ ਦਾ ਮਾਣ ਨਾ ਕਰੀਏ
ਏਹ ਹੈ ਘੁੰਮਣ ਘੇਰੀ
ਅੱਧੀ ਉਮਰ ਮੇਰੀ ਤੈਨੂੰ ਲੱਗਜੇ
ਮੈਨੂੰ ਅੱਧੀ ਬਥੇਰੀ
ਮੂਹਰੇ ਰੱਬ ਦੇ ਕਰਾਂ ਬੇਨਤੀ
ਮੰਨ ਲੇ ਅਰਜ ਜੇ ਮੇਰੀ
ਤੇਰੇ ਮੂਹਰੇ ਨੀ
ਕਰਤਾ ਕਾਲਜਾ ਢੇਰੀ
..................
ਅਰਜਾਂ ਮੇਰੀਆਂ ਕਾਹਤੋਂ ਕਰਦਾ
ਮੈਂ ਆਂ ਧੀ ਬੇਗਾਨੀ
ਹੋਰ ਵਿਆਹ ਲਾ ਦਿਲ ਪਰਚਾ ਲਾ
ਕਿਉਂ ਗਾਲੇਂ ਜਿੰਦਗਾਨੀ
ਤੈਨੂੰ ਨਹੀਂ ਲੱਭਣੀ
ਜਿਸਦਾ ਰੰਗ ਬਦਾਮੀ
..................

No comments: