Showing posts with label fulkari. Show all posts
Showing posts with label fulkari. Show all posts

Thursday, 19 February 2009

ਨਾਲ ਸ਼ੌਂਕ ਦੇ ਪਾਵਾਂ ਬੋਲੀਆਂ


ਦੇਵੀ ਮਾਤਾ ਗੌਣ ਬਖਸ਼ਦੀ
ਨਾਮ ਲਏ ਜੱਗ ਤਰਦਾ
ਬੋਲੀਆਂ ਪਾਉਣ ਦੀ ਹੋ ਗਈ ਮਨਸ਼ਾ
ਆ ਕੇ ਗਿੱਧੇ ਵਿਚ ਵੜਦਾ
ਨਾਲ ਸ਼ੌਂਕ ਦੇ ਪਾਵਾਂ ਬੋਲੀਆਂ
ਮੈਂ ਨੀ ਕਿਸੇ ਤੋਂ ਡਰਦਾ
ਦੇਵੀ ਦੇ ਚਰਨਾਂ 'ਤੇ
ਸੀਸ ਮੈਂ ਆਪਣਾ ਧਰਦਾ
...............
ਨਾਮ ਅੱਲ੍ਹਾ ਦਾ ਸਭ ਤੋਂ ਚੰਗਾ
ਸਭ ਨੂੰ ਇਹੋ ਸੁਹਾਵੇ
ਗਿੱਧੈ 'ਚ ਉਸਦਾ ਕੰਮ ਕੀ ਵੀਰਨੋ
ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ
ਦੋਹਾਂ ਜਹਾਨਾਂ ਦਾ ਅੱਲ੍ਹਾ ਹੀ ਵਾਲੀ
ਉਹਦੀ ਸਿਫਤ ਕਰੀ ਨਾ ਜਾਏ
ਅੱਲ੍ਹਾ ਦਾ ਨਾਉਂ ਲੈ ਲਏ
ਜਿਹੜਾ ਗਿੱਧੇ ਵਿੱਚ ਆਏ
...............
ਗੁਰ ਧਿਆ ਕੇ ਮੈਂ ਪਾਵਾਂ ਬੋਲੀ
ਸਭ ਨੂੰ ਫਤੇ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰ ਦਿਆਂ ਸ਼ੇਰਾਂ ਦੇ
ਮੈਂ ਵਧ ਕੇ ਜਸ ਗਾਵਾਂ
...............
ਹਿੰਮਤਪੁਰੇ ਦੇ ਮੁੰਡੇ ਬੰਬਲੇ(ਨਰੋਏ)
ਸੱਤਾਂ ਪੱਤਣਾਂ ਦੇ ਤਾਰੂ
ਸੂਇਆਂ ਕੱਸੀਆਂ 'ਤੇ ਕਣਕਾਂ ਬੀਜਦੇ
ਛੋਲੇ ਬੀਜਦੇ ਮਾਰੂ
ਇਕ ਮੁੰਡੇ ਦਾ ਨਾਂ ਫਤਿਹ ਮੁਹੰਮਦ
ਦੂਜੇ ਦਾ ਨਾਂ ਸਰਦਾਰੂ
ਗਾਮਾ,ਬਰਕਤ,ਸੌਣ,ਚੰਨਣ ਸਿੰਘ
ਸਭ ਤੋਂ ਉੱਤੋਂ ਦੀ ਬਾਰੂ
ਸਾਰੇ ਮਿਲਕੇ ਮੇਲੇ ਜਾਂਦੇ
ਨਾਲੇ ਜਾਂਦਾ ਨਾਹਰੂ
ਬਸੰਤੀ ਰੀਝਾਂ ਨੂੰ
ਗਿੱਧੇ ਦਾ ਚਾਅ ਉਭਾਰੂ
...............
ਹੁੰਮ ਹੁਮਾ ਕੇ ਕੁੜੀਆਂ ਆਈਆਂ
ਗਿਣਤੀ 'ਚ ਪੂਰੀਆਂ ਚਾਲੀ
ਚੰਦੀ,ਨਿਹਾਲੋ,ਬਚਨੀ,ਪ੍ਰੀਤੋ
ਸਭਨਾਂ ਦੀ ਵਰਦੀ ਕਾਲੀ
ਲੱਛੀ,ਬੇਗ਼ਮ,ਨੂਰੀ,ਫਾਤਾਂ
ਸਭਨਾਂ ਦੇ ਮੂੰਹ 'ਤੇ ਲਾਲੀ
ਸਭ ਨਾਲੋਂ ਸੋਹਣੀ ਦਿਸੇ ਪੰਜਾਬੋ
ਓਸ ਤੋਂ ਉਤਰ ਕੇ ਜੁਆਲੀ
ਗਿੱਧਾ ਪਾਓ ਕੁੜੀਓ
ਹੀਰ ਆ ਗਈ ਸਿਆਲਾਂ ਵਾਲੀ
...............

Friday, 8 August 2008

ਜਿੰਦ ਰਾਂਝਣ ਨਾਂ ਕਰਨੀ


ਬਹਿ ਦਰਵਾਜੇ ਪੌਣ ਮੈਂ ਲੈਂਦੀ

ਜਦ ਆਵੇ ਮੈਨੂੰ ਗਰਮੀ

ਉੱਚਾ ਬੋਲ ਮੈਂ ਕਦੇ ਨਾ ਬੋਲਾਂ

ਵੇਖ ਲੈ ਮੇਰੀ ਨਰਮੀ

ਤਖ਼ਤ ਹਜ਼ਾਰੇ ਤੂੰ ਜੰਮਿਆ ਰਾਂਝਣਾ

ਮੈਂ ਸਿਆਲਾਂ ਦੇ ਜਰਮੀ

ਸੱਦ ਪਟਵਾਰੀ ਨੂੰ

ਜਿੰਦ ਰਾਂਝਣ ਦੇ ਨਾਂ ਕਰਨੀ

...........................

ਤੂੰ ਹਸਦੀ ਦਿਲ ਰਾਜੀ ਮੇਰਾ

ਲਗਦੇ ਬੋਲ ਪਿਆਰੇ

ਚਲ ਕਿਧਰੇ ਦੋ ਗੱਲਾਂ ਕਰੀਏ

ਬਹਿ ਕੇ ਨਦੀ ਕਿਨਾਰੇ

ਲੁਕ ਲੁਕ ਲਾਈਆਂ ਪਰਗਟ ਹੋਈਆਂ

ਬੱਜ ਗਏ ਢੋਲ ਨਗਾਰੇ

ਸੋਹਣੀਏ ਆ ਜਾ ਨੀ

ਡੁੱਬਦਿਆਂ ਨੂੰ ਰੱਬ ਤਾਰੇ

...........................

ਸਹੁਰੇ ਸਹੁਰੇ ਨਾ ਕਰਿਆ ਕਰ ਨੀ

ਕੀ ਲੈਣਾ ਸਹੁਰੇ ਜਾ ਕੇ

ਪਹਿਲਾਂ ਤਾਂ ਦਿੰਦੇ ਖੰਡ ਦੀ ਚਾਹ

ਫੇਰ ਦਿੰਦੇ ਗੁੜ ਪਾ ਕੇ

ਨੀ ਰੰਗ ਬਦਲ ਗਿਆ

ਦੋ ਦਿਨ ਸਹੁਰੇ ਜਾ ਕੇ

...........................

ਮੰਹਿਦੀ ਮੰਹਿਦੀ ਸਭ ਜੱਗ ਕੰਹਿਦਾ

ਮੰਹਿਦੀ ਬਾਗ 'ਚ ਰੰਹਿਦੀ

ਬਾਗਾਂ ਦੇ ਵਿਚ ਸਸਤੀ ਮਿਲਦੀ

ਹੱਟੀਆਂ ਤੇ ਮੰਹਿਗੀ

ਹੇਠਾਂ ਕੂੰਡੀ ਉੱਤੇ ਸੋਟਾ

ਚੋਟ ਦੋਹਾਂ ਦੀ ਸੰਹਿਦੀ

ਘੋਟ ਘੋਟ ਕੇ ਹੱਥਾਂ ਨੂੰ ਲਾਈ

ਫੋਲਕ ਹੋ ਹੋ ਲੰਹਿਦੀ

ਬੋਲ ਸ਼ਰੀਕਾਂ ਦੇ

ਮੈਂ ਨਾ ਬਾਬਲਾ ਸੰਹਿਦੀ

...........................

ਮਾਹੀ ਮੇਰੇ ਦਾ ਪੱਕਿਆ ਬਾਜਰਾ

ਤੁਰ ਪਈ ਗੋਪੀਆਂ ਫੜ ਕੇ

ਖੇਤ ਜਾ ਕੇ ਹੂਕਰ ਮਾਰੀ

ਸਿਖਰ ਮਨੇ ਤੇ ਚੜ ਕੇ

ਉੱਤਰਦੀ ਨੂੰ ਆਈਆਂ ਝਰੀਟਾਂ

ਚੁੰਨੀ ਪਾਟ ਗਈ ਅੜ ਕੇ

ਤੁਰ ਪਰਦੇਸ ਗਿਉਂ

ਦਿਲ ਮੇਰੇ ਵਿਚ ਵੜ ਕੇ

...........................

ਸੁਣ ਨੀ ਕੁੜੀਏ ਮਛਲੀ ਵਾਲੀਏ

ਮਛਲੀ ਨਾ ਚਮਕਾਈਏ

ਖੂਹ ਟੋਭੇ ਤੇਰੀ ਹੁੰਦੀ ਚਰਚਾ

ਚਰਚਾ ਨਾ ਕਰਵਾਈਏ

ਪਿੰਡ ਦੇ ਮੁੰਡਿਆਂ ਤੋਂ

ਨੀਮੀਂ ਪਾ ਨੰਘ ਜਾਈਏ

...........................

ਆਰੀ ਆਰੀ ਆਰੀ

ਵਿਚ ਦਰਬਾਜੇ ਦੇ

ਫੁੱਲ ਕੱਢਦਾ ਫੁਲਕਾਰੀ

ਟੁੱਟਗੀ ਤੜੱਕ ਕਰਕੇ

ਕੀ ਅੱਲੜਾਂ ਦੀ ਯਾਰੀ

ਛੱਡ ਕੇ ਭੱਜ ਚੱਲਿਆ

ਫਿੱਟ ਕੱਚਿਆ ਵੇ ਤੇਰੀ ਯਾਰੀ

ਹਾਕਾਂ ਘਰ ਵੱਜੀਆਂ

ਛੱਡ ਮਿੱਤਰਾ ਫੁੱਲਕਾਰੀ

...........................

ਕੋਰੀ ਕੋਰੀ ਕੂੰਡੀ ਵਿੱਚ

ਮਿਰਚਾਂ ਮੈਂ ਰਗੜਾਂ

ਸਹੁਰੇ ਦੀ ਅੱਖ ਵਿੱਚ ਪਾ ਦਿੰਨੀਆਂ

ਘੁੰਡ ਕੱਢਣ ਦੀ ਅਲਖ ਮੁਕਾ ਦਿੰਨੀਆਂ

...........................

ਜੇ ਮੁੰਡਿਆ ਮੈੰਨੂ ਨੱਚਦੀ ਵੇਖਣਾ

ਬਾਂਕਾਂ ਲਿਆ ਦੋ ਭੈਣ ਦੀਆਂ

ਅੱਡੀ ਵੱਜੇ ਤੇ ਧਮਕਾਂ ਪੈਣਗੀਆਂ

...........................

ਬਾਰੀਂ ਬਰਸੀਂ ਖੱਟਣ ਗਿਆ ਸੀ

ਖੱਟ ਕੇ ਲਿਆਇਆ ਪੱਖੀਆਂ

ਘੁੰਡ ਵਿੱਚ ਕੈਦ ਕੀਤੀਆਂ

ਗੋਰਾ ਰੰਗ ਤੇ ਸ਼ਰਬਤੀ ਅੱਖੀਆਂ

...........................