Showing posts with label punjabi folk. Show all posts
Showing posts with label punjabi folk. Show all posts

Monday, 2 February 2009

ਦੁੱਲਾ ਤੇ ਹੋਣੀ

ਮੁੱਢ ਕਦੀਮ ਤੋਂ ਬੰਦਾ ਹੋਣੀ ਨਾਲ ਟੱਕਰ ਲੈਂਦਾ ਆ ਰਿਹਾ ਹੈ । ਬਲਵਾਨ ਹੋਣੀ ਸਾਹਮਣੇ ਬੰਦੇ ਦੀ ਬਿਸਾਤ "ਪਾਣੀ ਵਿੱਚ ਪਤਾਸੇ" ਵਰਗੀ ਹੈ। ਪਰ ਇਸ ਪਲ-ਛਿਣ ਦੀ ਖੇਡ ਨੂੰ ਕੋਈ ਜਣਾ ਕਿਵੇਂ ਗੁਜਾਰਦਾ ਹੈ ਇਸੇ 'ਚ ਜੀਵਨ ਦੀ ਸ਼ਾਨ ਹੈ :
ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ
ਵੋ ਸ਼ਾਨ ਸਲਾਮਤ ਰਹਿਤੀ ਹੈ...

ਜਿਸ ਘੜੀ ਦੁੱਲਾ "ਪਿੰਡੀਓਂ ਤੁਰ ਪਿਆ", ਉਸਦੀ ਹੋਣੀ ਨਿਸ਼ਚਤ ਹੈ। ਉਸਨੇ ਪਿਉ-ਦਾਦੇ ਵਾਲਾ ਰਾਹ ਚੁਣ ਲਿਆ ਹੈ ਤਾਂ ਫਿਰ ਉਸ ਨਾਲ ਪਿਉ-ਦਾਦੇ ਵਾਲੀ ਹੀ "ਹੋਣੀ" ਹੈ। "ਹੋਣੀ" ਦਾ ਸਾਥ "ਉੱਚਾ ਤਖ਼ਤ ਲਹੌਰ" ਤੇ "ਦਿੱਲੀ ਦੇ ਕਿੰਗਰਿਆਂ" ਨਾਲ ਹੈ। ਦੁੱਲਾ ਏਸ "ਹੋਣੀ" ਨੂੰ ਹਰਾ ਨਹੀਂ ਸਕਦਾ। ਦੁੱਲੇ ਨੂੰ ਵੀ ਪਤਾ ਹੈ। ਅਕਬਰ, ਏਸ ਹੋਣੀ ਦੇ ਭੈਅ ਨਾਲ ਦੁੱਲੇ ਨੂੰ ਲਫਾਉਣਾ ਚਾਹੁੰਦਾ ਹੈ।
ਦੁੱਲੇ ਪਾਸ ਜਿੱਤਣ-ਹਾਰਨ ਦੀ ਚੋਣ ਹੀ ਨਹੀਂ। ਉਸਨੇ ਮੌਤ ਤੇ ਈਨ ਮੰਨਣ 'ਚੋਂ ਚੋਣ ਕਰਨੀ ਹੈ। ਇਹ ਚੋਣ ਹਮੇਸ਼ਾ ਬੰਦੇ ਪਾਸ ਹੁੰਦੀ ਹੈ। ਦੁੱਲਾ "ਹੋਣੀ" ਦਾ ਸਾਹਮਣਾ, "ਕੰਡਿਆਂ ਦਾ ਟੋਕਰਾ" ਚੱਕਣ ਦੀ ਸ਼ਰਤ "ਸਿਰ ਦੀ ਬਾਜੀ" ਨਾਲ ਲਾ ਕੇ ਕਰਦਾ ਹੈ। ਦੁੱਲੇ ਨੇ ਹੋਣੀ ਦੀ ਵੰਗਾਰ ਕਬੂਲੀ ਹੈ। ਇਸੇ 'ਚ ਦੁੱਲੇ ਦੀ ਸ਼ਾਨ ਹੈ। ਇਸੇ ਲਈ ਦੁੱਲਾ ਪੰਜਾਬੀਆਂ ਦਾ ਨਾਇਕ ਹੈ।
ਕਿਸ਼ਨ ਸਿੰਘ ਰਚਿਤ(ਸੰਨ 1897) ਦੁੱਲੇ ਦੀ ਵੀਰਗਾਥਾ 'ਚੋਂ ਨਜ਼ਰ ਹੈ "ਦੁੱਲੇ ਦਾ ਹੋਣੀ ਨਾਲ ਵਾਰਤਾਲਾਪ":

ਚੜ੍ਹਿਆ ਜਾਂ ਦੁੱਲਾ ਆਗੇ ਹੋਣੀ ਆਂਵਦੀ।
ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁਲਾਂਵਦੀ।
ਕੰਡਿਆਂ ਦਾ ਰਖਿਆ ਮੈਂ ਹੈ ਭਰਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਸੁਣ ਕੇ ਸੀ ਭਾਣਜਾ ਦੁੱਲੇ ਨੇ ਘੱਲਿਆ।
ਜੋਰ ਸੀ ਲਾਗਾਯਾ ਟੋਕਰਾ ਨਾ ਹੱਲਿਆ।
ਮੋੜਦੀ ਹੈ ਹੋਣੀ ਉਸ ਨੂੰ ਹਟਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਹੋਣੀ ਕਹੇ ਟੋਕਰਾ ਨਾ ਮੂਲ ਹੱਲਦਾ।
ਦੁੱਲਾ ਤਦੋਂ ਲੰਮੀਂ ਲੰਮੀਂ ਚਾਲ ਚੱਲਦਾ।
ਆਖਦੀ ਹੈ ਹੋਣੀ ਉਸਨੂੰ ਸੁਣਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਦੁੱਲਾ ਕਹੇ ਜੇ ਮੈਂ ਟੋਕਰਾ ਚੁਕਾਵਸਾਂ।
ਹੋਣੀ ਕਹੇ ਸਿਰ ਦੀ ਸ਼ਰਤ ਲਾਵਸਾਂ।
ਚੁਕੱਦਾ ਹੈ ਸਿਰ ਦੀ ਸ਼ਰਤ ਲਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਟੋਕਰਾ ਨਾ ਦੁੱਲੇ ਪਾਸੋਂ ਜਾਵੇ ਚੱਕਿਆ।
ਸਾਰਾ ਜੋਰ ਅਪਨਾ ਲਗਾਇ ਥੱਕਿਆ।
ਸਿਰ ਤੇਰਾ ਦੁੱਲਿਆ ਵੇ ਵੱਢਾਂ ਚਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਹੋਣੀ ਮੇਰਾ ਨਾਮ ਤੇਰਾ ਸਿਰ ਕੱਟਦੀ।
ਕੌਲ ਤੇ ਕਰਾਰ ਤੋਂ ਨਾ ਮੂਲ ਹੱਟਦੀ।
ਸਭ ਨੂੰ ਕਿਸ਼ਨ ਸਿੰਘਾ ਛੱਡਾਂ ਖਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਕਿੱਸਾ ਦੁੱਲਾ ਭੱਟੀ ਤੇ ਉਸ ਦੀ ਭਾਵ ਜੁਗਤ (ਸਵ: ਗਿਆਨ ਚੰਦ) 'ਚੋਂ ਧੰਨਵਾਦ ਸਹਿਤ

Friday, 12 December 2008

ਤੇਰਾ ਮੇਰਾ ਇੱਕ ਮਨ ਵੇ

ਜੇਰਾ ਜੇਰਾ ਜੇਰਾ
ਪੂਣੀਆਂ ਮੈਂ ਢਾਈ ਕੱਤੀਆਂ
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ
ਨੰਘ ਗਿਆ ਨੱਕ ਵੱਟ ਕੇ
ਤੈਨੂੰ ਮਾਣ ਵੇ ਚੰਦਰਿਆ ਕਿਹੜਾ
ਸ਼ੀਸ਼ਾ ਦੇਖ ਲੈ ਕੇ ਮੁੰਡਿਆ
ਤੇਰੇ ਰੰਗ ਤੋਂ ਤੇਜ ਰੰਗ ਮੇਰਾ
ਝਾਕਦੀ ਦੀ ਅੱਖ ਪਕਗੀ
ਕਦੇ ਪਾ ਵਤਨਾਂ ਵੱਲ ਫੇਰਾ
...............
ਲੋਈ ਲੋਈ ਲੋਈ
ਲੁਕ ਛਿਪ ਮਿਲ ਮਿੱਤਰਾ
ਕਾਹਨੂੰ ਕਰਦਾ ਫਿਰੇਂ ਬਦਖੋਈ
ਜੱਗ ਵਿੱਚ ਵਸਦਾ ਰਹੇਂ
ਹੱਥ ਬੰਨ੍ਹ ਕੇ ਕਰਾਂ ਅਰਜੋਈ
ਭੁੱਖ ਤੇਰੇ ਦਰਸ਼ਣ ਦੀ
ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ
...............
ਡਾਕੇ ਡਾਕੇ ਡਾਕੇ
ਜਾਂਦੀ ਜੱਟੀ ਮੇਲੇ ਨੂੰ
ਤੁਰਦੀ ਨਾਗਵਲ ਖਾ ਕੇ
ਗੁੱਟ ਤੇ ਪਵਾਉਣੀ ਮੋਰਨੀ
ਮੈਂ ਤਾਂ ਵਿੱਚ ਮੇਲੇ ਦੇ ਜਾ ਕੇ
ਤੈਨੂੰ ਪੱਟ ਲੈਣਗੇ
ਜੱਟ ਫਿਰਦੇ ਹੱਥਾਂ ਨੂੰ ਥੁੱਕ ਲਾ ਕੇ
ਕਰਦੂੰ ਗਜ ਵਰਗਾ
ਕੋਈ ਦੇਖੇ ਤਾਂ ਜੱਟੀ ਨੂੰ ਹੱਥ ਲਾ ਕੇ
ਨਾ ਜਾਈਂ ਮੇਲੇ ਨੂੰ
ਕੋਈ ਲੈ ਜੂ ਜੇਬ 'ਚ ਪਾ ਕੇ
...............
ਚਾਦੀਂ ਚਾਦੀਂ ਚਾਦੀਂ
ਸੁੱਤਿਆ ਜਾਗ ਪੂਰਨਾ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਕੁਆਰੀ ਦਾ ਐਸਾ ਹੁਸਨ ਐ
ਜਿਉਂ ਗਰਸਾਂ ਦੀ ਚਾਂਦੀ
ਵਿੱਛੜੇ ਮਿਤਰਾਂ ਦੀ
ਸੋਚ ਹੱਡਾਂ ਨੂੰ ਖਾਂਦੀ
...............
ਮੱਠੀਆਂ ਮੱਠੀਆਂ ਮੱਠੀਆਂ
ਤੇਰਾ ਮੇਰਾ ਇੱਕ ਮਨ ਵੇ
ਤੇਰੀ ਮਾਂ ਨੇ ਦਰੈਤਾਂ ਰੱਖੀਆਂ
ਤੈਨੂੰ ਦੇਵੇ ਕੁੱਟ ਚੂਰੀਆਂ
ਮੈਨੂੰ ਚੰਦਰੇ ਘਰਾਂ ਦੀਆਂ ਲੱਸੀਆਂ
ਤੇਰੇ ਫਿਕਰਾਂ 'ਚ
ਰੋਜ ਘਟਾਂ ਤਿੰਨ ਰੱਤੀਆਂ
...............

Sunday, 7 December 2008

ਪਿਆਰੀ ਤੂੰ ਲਗਦੀ

ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਕੈਂਠਾ ਪਾਲਸ਼ ਕੀਤਾ
ਮੈਂ ਤਾਂ ਤੈਨੂੰ ਖੜੀ ਉਡੀਕਾਂ
ਤੂੰ ਤੁਰ ਗਿਆ ਚੁੱਪ ਕੀਤਾ
ਜੋੜੀ ਨਾ ਬਣਦੀ
ਪਾਪ ਜਿਨ੍ਹਾਂ ਦਾ ਕੀਤਾ
.............
ਤਾਵੇ ਤਾਵੇ ਤਾਵੇ
ਰਾਹ ਸੰਗਰੂਰਾਂ ਦਾ
ਮੁੰਡਾ ਪੜ੍ਹਨ ਕਾਲਜੇ ਜਾਵੇ
ਰਾਹ ਵਿਚ ਕੁੜੀ ਟੱਕਰੀ
ਮੁੰਡਾ ਦੇਖ ਕੇ ਨੀਵੀਂਆਂ ਪਾਵੇ
ਫੇਲ੍ਹ ਕਰਾਤਾ ਨੀ
ਤੈਂ ਲੰਮੀਏਂ ਮੁਟਿਆਰੇ
.............
ਕਾਲੀ ਚੁੰਨੀ ਲੈਨੀ ਆ ਕੁੜੀਏ
ਬਚ ਕੇ ਰਹੀਏ ਜਹਾਨੋਂ
ਚੰਗੇ ਬੰਦਿਆਂ ਨੂੰ ਲੱਗਣ ਤੁਹਮਤਾਂ
ਗੋਲੇ ਡਿੱਗਣ ਅਸਮਾਨੋਂ
ਪਿਆਰੀ ਤੂੰ ਲਗਦੀ
'ਕੇਰਾਂ ਬੋਲ ਜਬਾਨੋਂ
.............
ਕੋਰਾ ਕਾਗਜ਼ ਨੀਲੀ ਸਿਆਹੀ
ਗੂੜ੍ਹੇ ਅੱਖਰ ਪਾਵਾਂ
ਨਹੀਂ ਤਾਂ ਗੱਭਰੂਆ ਆਜਾ ਘਰ ਨੂੰ
ਲੈ ਆ ਕਟਾ ਕੇ ਨਾਮਾ
ਭਰੀ ਜਵਾਨੀ ਇਓਂ ਢਲ ਜਾਂਦੀ
ਜਿਓਂ ਬਿਰਛਾਂ ਦੀਆਂ ਛਾਵਾਂ
ਇਸ ਜਵਾਨੀ ਨੂੰ
ਕਿਹੜੇ ਖੂਹ 'ਚ ਪਾਵਾਂ
ਜਾਂ
ਸੱਸੀਏ ਮੋੜ ਪੁੱਤ ਨੂੰ
ਹੱਥ ਜੋੜ ਕੇ ਵਾਸਤੇ ਪਾਵਾਂ
.............
ਇਸ਼ਕ-ਮੁਸ਼ਕ ਗੁੱਝੇ ਨਾ ਰਹਿੰਦੇ
ਲੋਕ ਸਿਆਣੇ ਕਹਿੰਦੇ
ਬਾਗਾਂ ਦੇ ਵਿੱਚ ਕਲੀਆਂ ਉੱਤੇ
ਆਣ ਕੇ ਭੌਰੇ ਬਹਿੰਦੇ
ਲੋਕੀਂ ਭੈੜੇ ਸ਼ੱਕ ਕਰਦੇ
ਚਿੱਟੇ ਦੰਦ ਹਸਣੋ ਨਾ ਰਹਿੰਦੇ
.............

Wednesday, 26 November 2008

ਵਗਦੀ ਰਾਵੀ ਦੇ ਵਿੱਚ

ਵਗਦੀ ਰਾਵੀ ਦੇ ਵਿੱਚ
ਸੁਰਮਾ ਕੀਹਨੇ ਡੋਲ੍ਹਿਆ
ਸੱਸੜੀ ਦਾ ਪੁੱਤ ਕਦੇ
ਹੱਸ ਕੇ ਨਾ ਬੋਲਿਆ
..............
ਵਗਦੀ ਰਾਵੀ ਦੇ ਵਿੱਚ
ਰੁੜ੍ਹਨ ਸ਼ਤੀਰ ਵੇ
ਮਾਣ ਜਵਾਨੀ ਢੋਲਾ
ਸਾਡੀ ਤਾਂ ਅਖੀਰ ਵੇ
..............
ਵਗਦੀ ਰਾਵੀ ਦੇ ਵਿੱਚ
ਰੁੜ ਗਏ ਪਤਾਸੇ ਵੇ
ਆਪ ਤੁਰ ਗਇਓਂ
ਨਾਲ ਲੈ ਗਿਆ ਤੂੰ ਹਾਸੇ ਵੇ
..............
ਵਗਦੀ ਰਾਵੀ ਦੇ ਵਿੱਚ
ਘੁੱਗੀਆਂ ਦਾ ਜੋੜਾ ਵੇ
ਇੱਕ ਘੁਗੀ ਉੱਡੀ
ਲੰਮਾ ਪੈ ਗਿਆ ਵਿਛੋੜਾ ਵੇ
..............
ਵਗਦੀ ਰਾਵੀ ਦੇ ਵਿੱਚ
ਸੁੱਟਦੀ ਆਂ ਮੇਖਾਂ
ਬਣ ਪਟਵਾਰੀ
ਤੈਨੂੰ ਲਿਖਦੇ ਨੂੰ ਦੇਖਾਂ
..............

Saturday, 1 November 2008

ਮਿਹਣੇ ਦੇਣ ਸਹੇਲੀਆਂ (ਲੋਕ-ਗੀਤ)

ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !
ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ !

ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !
ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ !

ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !
ਕੋਠੇ 'ਤੇ ਤਸਵੀਰ, ਵੇ ਸੱਜਣ ਮੇਰਿਆ !

ਮੈਂ ਦਰਿਆ ਦੀ ਮਛਲੀ, ਵੇ ਚੀਰੇ ਵਾਲਿਆ !
ਤੂੰ ਦਰਿਆ ਦਾ ਨੀਰ, ਵੇ ਸੱਜਣ ਮੇਰਿਆ !

ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !
ਧੁਰ ਕੋਠੇ 'ਤੇ 'ਵਾ, ਵੇ ਜਾਨੀ ਮੇਰਿਆ !

ਸ਼ੱਕਰ ਹੋਵੇ ਤਾਂ ਵੰਡੀਏ, ਵੇ ਕੰਠੇ ਵਾਲਿਆ !
ਰੂਪ ਨਾ ਵੰਡਿਆ ਜਾ, ਵੇ ਜਾਨੀ ਮੇਰਿਆ !

ਧਾਗਾ ਹੋਵੇ ਤਾਂ ਤੋੜੀਏ ਵੇ ਕੰਠੇ ਵਾਲਿਆ !
ਪ੍ਰੀਤ ਨਾ ਤੋੜੀ ਜਾ, ਵੇ ਜਾਨੀ ਮੇਰਿਆ !

ਢਲ 'ਗਏ ਤਰੰਗੜ ਖਿੱਤੀਆਂ, ਵੇ ਚੀਰੇ ਵਾਲਿਆ !
ਹੋ ਚੱਲੀ ਪ੍ਰਭਾਤ ਵੇ, ਵੇ ਜਾਨੀ ਮੇਰਿਆ !

ਮੈਨੂੰ ਮਿਹਣੇ ਦੇਣ ਸਹੇਲੀਆਂ,ਵੇ ਚੀਰੇ ਵਾਲਿਆ !
ਮੇਰੀ ਪਰਤ ਨਾ ਪੁੱਛੀ ਬਾਤ, ਵੇ ਜਾਨੀ ਮੇਰਿਆ !

Saturday, 13 September 2008

ਵਿਆਂਦੜ ਫੁੱਲ ਵਰਗਾ


ਸੋਹਣਾ ਵਿਆਂਦੜ ਰਥ ਵਿਚ ਬਹਿ ਗਿਆ

ਹੇਠ ਚੁਤੱਹੀ ਵਿਛਾ ਕੇ

ਊਠਾਂ ਤੇ ਸਭ ਜਾਨੀ ਚੜ ਗਏ

ਝਾਂਜਰਾਂ ਛੋਟੀਆਂ ਪਾ ਕੇ

ਰਥ ਗੱਡੀਆਂ ਜਾ ਅੰਤ ਨਾ ਕੋਈ

ਜਾਨੀ ਚੜ ਗਏ ਸਜ ਸਜਾ ਕੇ

ਜੰਨ ਆਈ ਜਦ ਕੁੜੀਆਂ ਦੇਖੀ

ਆਈਆਂ ਹੁੰਮ ਹੁੰਮਾ ਕੇ

ਵਿਆਂਦੜ ਫੁੱਲ ਵਰਗਾ

ਦੇਖ ਵਿਆਹੁਲੀਏ ਆ ਕੇ

...............................

ਪਹਿਲੀ ਵਾਰ ਬਹੂ ਗਈ ਮੁਕਲਾਵੇ

ਗੱਲ ਪੁੱਛ ਲੈਂਦਾ ਸਾਰੀ

ਕੀਹਦੇ ਨਾਲ ਤੇਰੀ ਲੱਗੀ ਦੋਸਤੀ

ਕੀਹਦੇ ਨਾਲ ਤੇਰੀ ਯਾਰੀ

ਨਾ ਵੇ ਕਿਸੇ ਨਾਲ ਲੱਗੀ ਦੋਸਤੀ

ਨਾ ਵੇ ਕਿਸੇ ਨਾਲ ਯਾਰੀ

ਪੇਕੇ ਰੰਹਿਦੇ ਸੀ

ਕਰਦੇ ਸੀ ਸਰਦਾਰੀ

...............................

ਸੜਕੇ ਸੜਕੇ ਮੈਂ ਰੋਟੀ ਲਈ ਜਾਂਦੀ

ਲੱਭ ਗਈ ਸੁਰਮੇਦਾਣੀ

ਘਰ ਆ ਕੇ ਮੈਂ ਪਾਉਣ ਲੱਗੀ

ਮੱਚਦੀ ਫਿਰੇ ਜਿਠਾਣੀ

ਮਿੰਨਤਾਂ ਨਾ ਕਰ ਵੇ

ਮੈਂ ਰੋਟੀ ਨਹੀਂ ਖਾਣੀ

...............................

ਜਦ ਮੈਂ ਕੀਤੀ ਬੀ. ਏ. ਬੀ. ਐਡ

ਲੋਕੀਂ ਦੇਣ ਵਧਾਈ

ਹਾਣੀ ਮੇਰਾ ਫੇਲ਼ ਹੋ ਗਿਆ

ਮੈਨੂੰ ਹੀਣਤ ਆਈ

ਤਿੰਨ ਵਾਰੀ ਉਹ ਰਿਹਾ ਵਿਚਾਲੇ

ਡਿਗਰੀ ਹੱਥ ਨਾ ਆਈ

ਮੇਰੇ ਮਾਪਿਆਂ ਨੇ

ਬੀ. ਏ. ਫੇਰ ਕਰਾਈ

...............................

ਜੇ ਮੁੰਡਿਆ ਤੂੰ ਫੌਰਨ ਜਾਣਾ

ਜਾਈਂ ਸਾਡੇ ਨਾਲ ਲੜਕੇ

ਨਾ ਵੇ ਅਸੀਂ ਤੈਨੂੰ ਯਾਦ ਕਰਾਂਗੇ

ਨਾ ਰੋਈਏ ਮਨ ਭਰਕੇ

ਉੱਠ ਪਰਦੇਸ ਗਿਆ

ਮਨ ਸਾਡੇ ਵਿਚ ਵਸ ਕੇ

...............................

Saturday, 30 August 2008

ਲੋਕੀਂ ਸਾਨੂੰ ਛੜੇ ਆਖਦੇ


ਕੋਈ ਡਰਦੀ ਪੀਹਣ ਨਾ ਜਾਵੇ

ਛੜਿਆਂ ਦੇ ਦੋ ਚੱਕੀਆਂ

..............................

ਚੁਲ਼ੇ ਅੱਗ ਨਾ ਘੜੇ ਵਿਚ ਪਾਣੀ

ਛੜਿਆਂ ਨੂੰ ਵਖ਼ਤ ਪਿਆ

..............................

ਐਵੇਂ ਭਰਮ ਰੰਨਾਂ ਨੂੰ ਮਾਰੇ

ਹਲਕੇ ਨਾ ਛੜੇ ਫਿਰਦੇ

..............................

ਛੜੇ ਪੈਣਗੇ ਮੱਕੀ ਦੀ ਰਾਖੀ

ਰੰਨਾ ਵਾਲੇ ਘਰ ਪੈਣਗੇ

..............................

ਮੇਰੀ ਚੱਪਣੀ ਵਗਾਹ ਕੇ ਮਾਰੀ

ਛੜਿਆਂ ਦੇ ਅੱਗ ਨੂੰ ਗਈ

..............................

ਅਸੀਂ ਰੱਬ ਦੇ ਪਰਾਹੁਣੇ ਆਏ

ਲੋਕੀਂ ਸਾਨੂੰ ਛੜੇ ਆਖਦੇ

..............................

ਜਾਵੇਂਗਾ ਜਹਾਨੋਂ ਖਾਲੀ

ਵੇ ਛੜਿਆ ਦੋਜਕੀਆ

..............................

ਕਾਹਨੂੰ ਦੇਨੀਏਂ ਕੁਪੱਤੀਏ ਗਾਲਾਂ

ਛੜੇ ਦਾ ਕਿਹੜਾ ਪੁੱਤ ਮਰਜੂ

..............................

ਛਿੱਟਾ ਦੇ ਗਈ ਝਾਂਜਰਾਂ ਵਾਰੀ

ਛੜਿਆਂ ਦਾ ਦੁੱਧ ਓੱਬਲੇ

..............................

ਕਿੱਥੇ ਲਿਖਿਆ ਫ਼ਰੰਗੀਆ ਦੱਸ ਦੇ

ਰੰਨਾਂ ਵਾਲੇ ਜੰਗ ਜਿਤਦੇ

..............................

ਜਿੱਤ ਹੋਜੂ ਵੇ ਫ਼ਰੰਗਆ ਤੇਰੀ

ਛੜਿਆਂ ਨੂੰ ਲੈ ਜਾ ਲਾਮ 'ਤੇ

..............................

Tuesday, 12 August 2008

ਤੀਵੀਆਂ ਦਾ ਰਾਜ


ਚੱਕੀ ਛੁੱਟ ਗਈ ਚੁੱਲ਼ੇ ਨੇ ਛੁੱਟ ਜਾਣਾ

ਤੀਵੀਆਂ ਦਾ ਰਾਜ ਆ ਗਿਆ

.............................

ਜਿੱਥੇ ਚੱਲੇਂਗਾ ਚੱਲੂਂਗੀ ਨਾਲ ਤੇਰੇ

ਟਿਕਟਾਂ ਦੋ ਲੈ ਲਵੀਂ

.............................

ਤੇਰੇ ਨਾਲ ਨਾ ਤਲੰਗਿਆ ਜਾਣਾ

ਛੱਡ ਜਾਏਂ ਟੇਸ਼ਣ ਤੇ

.............................

ਇੱਥੋਂ ਜਾਈਂ ਨਾ ਪਰਾਹੁਣਿਆ ਖਾਲੀ

ਗੱਡੀ ਵਿੱਚ ਇੱਟ ਰੱਖ ਲੈ

.............................

ਮੇਰੀ ਖ਼ਬਰ ਲੈਣ ਨਾ ਆਇਆ

ਡਿੱਗ ਪਈ ਹਰਮਲ ਤੋਂ

.............................

ਲੌਂਗ ਤੇਰੀਆਂ ਮੁੱਛਾਂ ਵਿੱਚ ਰੁਲਿਆ

ਤਿੰਨ ਦਿਨ ਟੋਲਦੀ ਰਹੀ

.............................

ਤੇਰੇ ਝਾਂਜਰਾਂ ਵੱਜਣ ਨੂੰ ਪਾਈਆਂ

ਲੰਘ ਗਈ ਤੂੰ ਪੈਰ ਦੱਬ ਕੇ

.............................

ਮੇਰੀ ਗੁੱਤ ਦੇ ਵਿਚਾਲੇ ਠਾਣਾ

ਕੈਦ ਕਰਾ ਦੂੰਗੀ

.............................

ਕਿੱਥੇ ਚੱਲਿਐਂ ਬੂਬਨਿਆਂ ਸਾਧਾ

ਛੇੜ ਕੇ ਭਰਿੰਡ ਰੰਗੀਆਂ

.............................

ਮੇਰੀ ਜੁੱਤੀ ਨੂੰ ਲੁਆ ਦੇ ਘੁੰਗਰੂ

ਜੇ ਤੈਂ ਮੇਰੀ ਚਾਲ ਵੇਖਣੀ

.............................

ਚੱਲ ਚੱਲੀਏ ਜਰਗ ਦੇ ਮੇਲੇ

ਮੁੰਡਾ ਤੇਰਾ ਮੈਂ ਚੱਕ ਲਊਂ

.............................

ਗੋਰਾ ਰੰਗ ਡੱਬੀਆਂ ਵਿੱਚ ਆਇਆ

ਕਾਲਿਆਂ ਨੂੰ ਖ਼ਬਰ ਕਰੋ

.............................

ਮੈਂ ਮੂੰਗਰੇ ਤੜਕ ਕੇ ਲਿਆਈ

ਰੋਟੀ ਖਾਲੈ ਕੋਹੜੀ ਟੱਬਰਾ

.............................

Monday, 11 August 2008

ਹੁਣ ਨਾ ਪੁੱਛੀਦੀਆਂ ਜਾਤਾਂ


ਕਿਹੜੀ ਬੇਰੀ ਨੂੰ ਕੱਚੇ ਬੇਰ ਲਗਦੇ

ਕਿਹੜੀ ਨੂੰ ਲਗਦੇ ਗੜੌਂਦੇ

ਪੁੱਛੋ ਛੜਿਆਂ ਨੂੰ

ਸਾਰੀ ਰਾਤ ਨੀ ਸੋਂਦੇ

..............................

ਓੱਚਾ ਬੁਰਜ ਬਰੋਬਰ ਮੋਰੀ

ਦੀਵਾ ਕਿਸ ਬਿਧ ਧਰੀਏ

ਚਾਰੇ ਨੈਣ ਕਟਾਵਢ ਹੋ ਗੇ'

ਹਾਮੀ ਕੀਹਦੀ ਭਰੀਏ

ਨਾਰ ਪਰਾਈ ਆਦਰ ਥੋੜਾ

ਗਲ਼ ਲੱਗ ਕੇ ਨਾ ਮਰੀਏ

ਨਾਰ ਬਗਾਨੀ ਦੀ

ਬਾਂਹ ਨਾ ਮੂਰਖ਼ਾ ਫੜੀਏ

..............................

ਚਾੜ ਸ਼ਕੀਨੀ ਮਾਰਕੇ ਗੇੜੇ

ਰੋਟੀ ਘਰੇ ਆ ਖਾਂਦੇ

ਅੱਖੀਂ ਤਾਂ ਭਾਈ ਗੱਲਾਂ ਦੇਖੀਆਂ

ਦੁੱਖ ਤਾਂ ਦੱਸੇ ਨੀ ਜਾਂਦੇ

ਨਿਆਣੀ ਉਮਰੀਂ ਪੈ ਗੇ ਦਾਬੇ

ਫ਼ਿਕਰ ਹੱਡਾਂ ਨੂੰ ਖਾਂਦੇ

ਮੂਹਰੇ ਨਾਰਾਂ ਦੇ

ਕੰਥ ਮਾਂਜਦੇ ਭਾਂਡੇ

..............................

ਘਰ ਆਏ ਨੂੰ ਬਾਪੂ ਘੂਰਦਾ

ਖੇਤ ਗਏ ਨੂੰ ਤਾਇਆ

ਬੜੇ ਜੇਠ ਦੀ ਠਾਣੇਦਾਰੀ

ਇਹ ਸੀਰੀ ਨਾਲ ਲਾਇਆ

ਨਾ ਐਬੀ ਨਾ ਬੈਲੀ ਆ ਉਹ

ਬੋਲੇ ਮਸਾਂ ਬੁਲਾਇਆ

ਮਿੱਟੀ ਦੇ ਮਟਨ ਜਿਹੇ ਨੂੰ

ਮੇਰੇ ਪੱਲੇ ਪਾਇਆ

ਸੀਲ਼ ਢੱਗੇ ਜਿਹਾ ਸਿੱਧਰਾ ਮੂਰ਼ਾ

ਸਮਝੇ ਨਾ ਸਮਝਾਇਆ

ਰਾਤੀਂ ਰੋਂਦਾ ਸੀ

ਮਿੰਨਤਾਂ ਨਾਲ ਵਰਾਇਆ

..............................

ਤਿੰਨ ਦਿਨਾਂ ਦੀ ਤਿੰਨ ਪਾ ਮੱਖਣੀ

ਖਾ ਗਿਆ ਟੁੱਕ ਤੇ ਧਰਕੇ

ਲੋਕੀਂ ਕੰਹਿਦੇ ਮਾੜਾ ਮਾੜਾ

ਮੈਂ ਦੇਖਿਆ ਸੀ ਮਰਕੇ

ਫੁੱਲ ਵੇ ਗੁਲ਼ਾਬ ਦਿਆ

ਆ ਜਾ ਨਦੀ ਵਿੱਚ ਤਰਕੇ

..............................

ਬੋਲੀ ਪਾਵਾਂ ਸ਼ਗਨ ਮਨਾਵਾਂ

ਚਿੱਠੀ ਆਈ ਕਨੇਡਾ ਤੋਂ

ਮੈਂ ਫੜ ਕੱਤਣੀ ਵਿੱਚ ਪਾਮਾਂ

ਚਿੱਠੀਏ ! ਫੇਰ ਬਾਚੂੰ

ਮੈਂ ਰੋਟੀ ਖੇਤ ਅਪੜਾਮਾਂ

ਜੰਡੀ ਆਲ਼ਾ ਖੇਤ ਭੁੱਲਗੀ

ਮੈਂ ਰੋਂਦੀ ਘਰ ਨੂੰ ਆਮਾਂ

ਆਉਂਦੀ ਜਾਂਦੀ ਨੂੰ ਦਿਨ ਢਲ਼ ਜਾਂਦਾ

ਮੁੜ ਆਂਉਂਦਾ ਪੜਛਾਮਾਂ

ਕੋਇਲਾਂ ਬੋਲਦੀਆਂ

ਬੋਲ ਚੰਦਰਿਆ ਕਾਮਾਂ

...............................

ਪਹਿਲੀ ਵਾਰ ਜਦ ਗਈ ਮੈਂ ਸਹੁਰੇ

ਬਣ ਗਈ ਸਭ ਤੋਂ ਨਿਮਾਣੀ

ਚੁੱਲ਼ਾ ਚੌਂਕਾ ਸਾਰਾ ਸਾਂਭਦੀ

ਨਾਲੇ ਭਰਦੀ ਪਾਣੀ

ਦਿਨ ਚੜ ਜਾਵੇ ਜਾਗ ਨਾ ਆਵੇ

ਮਾਰੇ ਬੋਲ਼ ਜਠਾਣੀ

ਉੱਠ ਕੇ ਕੰਮ ਕਰ ਨੀ

ਕਾਹਤੋਂ ਪਈ ਆ ਮੂੰਗੀਆ ਤਾਣੀ

...............................

ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ

ਗ਼ਮ ਦੀ ਕਰੋ ਨਿਹਾਰੀ

ਗ਼ਮ ਹੱਡਾਂ ਨੂੰ ਐਂ ਖਾ ਜਾਂਦਾ

ਜਿਉਂ ਲੱਕੜ ਨੂੰ ਆਰੀ

ਕੋਠੇ ਚੜ ਕੇ ਦੇਖਣ ਲੱਗੀ

ਲੈਂਦੇ ਜਾਣ ਵਪਾਰੀ

ਉੱਤਰਨ ਲੱਗੀ ਦੇ ਲੱਗਿਆ ਕੰਡਾ

ਦੁੱਖ ਹੋ ਜਾਂਦੇ ਭਾਰੀ

ਗੱਭਣਾਂ ਤੀਮੀਆਂ ਨੱਚਣੋ ਰਹਿਗੀਆਂ

ਆਈ ਫ਼ੰਡਰਾਂ ਦੀ ਬਾਰੀ

ਨਰਮ ਸਰੀਰਾਂ ਨੂੰ

ਪੈ ਗੇ ਮਾਮਲੇ ਭਾਰੀ

...............................

ਹੀਰ ਨੇ ਸੱਦੀਆਂ ਸੱਭੇ ਸਹੇਲੀਆਂ

ਸਭ ਦੀਆਂ ਨਵੀਆਂ ਪੁਸ਼ਾਕਾਂ

ਗਹਿਣੇ ਗੱਟੇ ਸਭ ਦੇ ਸੋਂਹਦੇ

ਮੈਂ ਹੀਰ ਗੋਰੀ ਵੱਲ ਝਾਕਾਂ

ਕੰਨੀ ਹੀਰ ਦੇ ਸਜਣ ਕੋਕਰੂ

ਪੈਰਾਂ ਦੇ ਵਿਚ ਬਾਂਕਾਂ

ਗਿੱਧੇ ਦੀਏ ਪਰੀਏ ਨੀ

ਤੇਰੇ ਰੂਪ ਨੇ ਪਾਈਆਂ ਧਾਂਕਾਂ

................................

ਬਾਰੀਂ ਬਰਸੀਂ ਖਟਣ ਗਿਆ ਸੀ

ਖਟ ਕੇ ਲਿਆਂਦੀਆਂ ਦਾਤਾਂ

ਲੱਗੀਆਂ ਦੋਸਤੀਆਂ

ਹੁਣ ਨਾ ਪੁੱਛੀਦੀਆਂ ਜਾਤਾਂ

................................

Friday, 8 August 2008

ਜਿੰਦ ਰਾਂਝਣ ਨਾਂ ਕਰਨੀ


ਬਹਿ ਦਰਵਾਜੇ ਪੌਣ ਮੈਂ ਲੈਂਦੀ

ਜਦ ਆਵੇ ਮੈਨੂੰ ਗਰਮੀ

ਉੱਚਾ ਬੋਲ ਮੈਂ ਕਦੇ ਨਾ ਬੋਲਾਂ

ਵੇਖ ਲੈ ਮੇਰੀ ਨਰਮੀ

ਤਖ਼ਤ ਹਜ਼ਾਰੇ ਤੂੰ ਜੰਮਿਆ ਰਾਂਝਣਾ

ਮੈਂ ਸਿਆਲਾਂ ਦੇ ਜਰਮੀ

ਸੱਦ ਪਟਵਾਰੀ ਨੂੰ

ਜਿੰਦ ਰਾਂਝਣ ਦੇ ਨਾਂ ਕਰਨੀ

...........................

ਤੂੰ ਹਸਦੀ ਦਿਲ ਰਾਜੀ ਮੇਰਾ

ਲਗਦੇ ਬੋਲ ਪਿਆਰੇ

ਚਲ ਕਿਧਰੇ ਦੋ ਗੱਲਾਂ ਕਰੀਏ

ਬਹਿ ਕੇ ਨਦੀ ਕਿਨਾਰੇ

ਲੁਕ ਲੁਕ ਲਾਈਆਂ ਪਰਗਟ ਹੋਈਆਂ

ਬੱਜ ਗਏ ਢੋਲ ਨਗਾਰੇ

ਸੋਹਣੀਏ ਆ ਜਾ ਨੀ

ਡੁੱਬਦਿਆਂ ਨੂੰ ਰੱਬ ਤਾਰੇ

...........................

ਸਹੁਰੇ ਸਹੁਰੇ ਨਾ ਕਰਿਆ ਕਰ ਨੀ

ਕੀ ਲੈਣਾ ਸਹੁਰੇ ਜਾ ਕੇ

ਪਹਿਲਾਂ ਤਾਂ ਦਿੰਦੇ ਖੰਡ ਦੀ ਚਾਹ

ਫੇਰ ਦਿੰਦੇ ਗੁੜ ਪਾ ਕੇ

ਨੀ ਰੰਗ ਬਦਲ ਗਿਆ

ਦੋ ਦਿਨ ਸਹੁਰੇ ਜਾ ਕੇ

...........................

ਮੰਹਿਦੀ ਮੰਹਿਦੀ ਸਭ ਜੱਗ ਕੰਹਿਦਾ

ਮੰਹਿਦੀ ਬਾਗ 'ਚ ਰੰਹਿਦੀ

ਬਾਗਾਂ ਦੇ ਵਿਚ ਸਸਤੀ ਮਿਲਦੀ

ਹੱਟੀਆਂ ਤੇ ਮੰਹਿਗੀ

ਹੇਠਾਂ ਕੂੰਡੀ ਉੱਤੇ ਸੋਟਾ

ਚੋਟ ਦੋਹਾਂ ਦੀ ਸੰਹਿਦੀ

ਘੋਟ ਘੋਟ ਕੇ ਹੱਥਾਂ ਨੂੰ ਲਾਈ

ਫੋਲਕ ਹੋ ਹੋ ਲੰਹਿਦੀ

ਬੋਲ ਸ਼ਰੀਕਾਂ ਦੇ

ਮੈਂ ਨਾ ਬਾਬਲਾ ਸੰਹਿਦੀ

...........................

ਮਾਹੀ ਮੇਰੇ ਦਾ ਪੱਕਿਆ ਬਾਜਰਾ

ਤੁਰ ਪਈ ਗੋਪੀਆਂ ਫੜ ਕੇ

ਖੇਤ ਜਾ ਕੇ ਹੂਕਰ ਮਾਰੀ

ਸਿਖਰ ਮਨੇ ਤੇ ਚੜ ਕੇ

ਉੱਤਰਦੀ ਨੂੰ ਆਈਆਂ ਝਰੀਟਾਂ

ਚੁੰਨੀ ਪਾਟ ਗਈ ਅੜ ਕੇ

ਤੁਰ ਪਰਦੇਸ ਗਿਉਂ

ਦਿਲ ਮੇਰੇ ਵਿਚ ਵੜ ਕੇ

...........................

ਸੁਣ ਨੀ ਕੁੜੀਏ ਮਛਲੀ ਵਾਲੀਏ

ਮਛਲੀ ਨਾ ਚਮਕਾਈਏ

ਖੂਹ ਟੋਭੇ ਤੇਰੀ ਹੁੰਦੀ ਚਰਚਾ

ਚਰਚਾ ਨਾ ਕਰਵਾਈਏ

ਪਿੰਡ ਦੇ ਮੁੰਡਿਆਂ ਤੋਂ

ਨੀਮੀਂ ਪਾ ਨੰਘ ਜਾਈਏ

...........................

ਆਰੀ ਆਰੀ ਆਰੀ

ਵਿਚ ਦਰਬਾਜੇ ਦੇ

ਫੁੱਲ ਕੱਢਦਾ ਫੁਲਕਾਰੀ

ਟੁੱਟਗੀ ਤੜੱਕ ਕਰਕੇ

ਕੀ ਅੱਲੜਾਂ ਦੀ ਯਾਰੀ

ਛੱਡ ਕੇ ਭੱਜ ਚੱਲਿਆ

ਫਿੱਟ ਕੱਚਿਆ ਵੇ ਤੇਰੀ ਯਾਰੀ

ਹਾਕਾਂ ਘਰ ਵੱਜੀਆਂ

ਛੱਡ ਮਿੱਤਰਾ ਫੁੱਲਕਾਰੀ

...........................

ਕੋਰੀ ਕੋਰੀ ਕੂੰਡੀ ਵਿੱਚ

ਮਿਰਚਾਂ ਮੈਂ ਰਗੜਾਂ

ਸਹੁਰੇ ਦੀ ਅੱਖ ਵਿੱਚ ਪਾ ਦਿੰਨੀਆਂ

ਘੁੰਡ ਕੱਢਣ ਦੀ ਅਲਖ ਮੁਕਾ ਦਿੰਨੀਆਂ

...........................

ਜੇ ਮੁੰਡਿਆ ਮੈੰਨੂ ਨੱਚਦੀ ਵੇਖਣਾ

ਬਾਂਕਾਂ ਲਿਆ ਦੋ ਭੈਣ ਦੀਆਂ

ਅੱਡੀ ਵੱਜੇ ਤੇ ਧਮਕਾਂ ਪੈਣਗੀਆਂ

...........................

ਬਾਰੀਂ ਬਰਸੀਂ ਖੱਟਣ ਗਿਆ ਸੀ

ਖੱਟ ਕੇ ਲਿਆਇਆ ਪੱਖੀਆਂ

ਘੁੰਡ ਵਿੱਚ ਕੈਦ ਕੀਤੀਆਂ

ਗੋਰਾ ਰੰਗ ਤੇ ਸ਼ਰਬਤੀ ਅੱਖੀਆਂ

...........................

Thursday, 7 August 2008

ਖੁੱਲ਼ ਕੇ ਨੱਚ ਲੈ ਨੀ


ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ

ਭਿੱਜ ਗਿਆ ਗੈਬੀ ਤੋਤਾ

ਮੇਲਣ ਐਂ ਨੱਚਦੀ

ਜਿਉਂ ਟੱਪਦਾ ਸੜਕ ਤੇ ਬੋਤਾ

ਖੁੱਲ਼ ਕੇ ਨੱਚ ਲੈ ਨੀ

ਹਾਣੋਂ ਹਾਣ ਖਲੋਤਾ

.......................

ਨੱਚਣ ਦੀ ਤੈਨੂੰ ਜਾਚ ਨਾ ਕਾਈ

ਥੋਥੀ ਟੱਪ ਟਪਾਈ

ਭਰ ਵਲਟੋਹੀ ਖਾ ਗਈ ਖੀਰ ਦੀ

ਮੰਡਿਆਂ ਦੀ ਥਹੀ ਮੁਕਾਈ

ਤੇਰੇ ਗਹਿਣਿਆਂ ਨੇ

ਐਂਵੇਂ ਛਹਿਬਰ ਲਾਈ

.......................

ਪਹਿਨ ਪਚਰ ਕੇ ਚੜੀ ਪੀਂਘ ਤੇ

ਡਿੱਗੀ ਹੁਲਾਰਾ ਖਾ ਕਾ

ਯਾਰਾਂ ਇਹਦਿਆਂ ਨੂੰ ਖ਼ਬਰਾਂ ਹੋਈਆਂ

ਬਹਿਗੇ ਢੇਰੀਆਂ ਢਾਹ ਕੇ

ਟੁੱਟਗੀ ਯਾਰੀ ਤੋਂ

ਹੁਣ ਨੰਘਦੀ ਅੱਖ ਬਚਾ ਕੇ

ਲੱਗੀਆਂ ਸਿਆਲ ਦੀਆਂ

ਟੁਟੀਆਂ ਪਿੜਾਂ ਵਿਚ ਆ ਕੇ

.......................

ਐਧਰ ਕਣਕਾਂ ਔਧਰ ਕਣਕਾਂ

ਗੱਭੇ ਖੜਾ ਗੁਆਰਾ

ਵਿਚ ਗੁਆਰੇ ਬੋਤੀ ਚਰਦੀ

ਗਲ਼ ਵਿਚ ਉਹਦੇ ਮਾਲ਼ਾ

ਚੰਦ ਮਾਂਗੂ ਚਮਕਦੀਏ

ਤੇਰੇ ਮਾਹੀ ਦਾ ਸੁਣੀਂਦਾ ਰੰਗ ਕਾਲ਼ਾ

.......................

ਤੇਰਾ ਇਸ਼ਕ ਤਾਂ ਤੋਲ਼ੇ ਚੜ ਗਿਆ

ਮੇਰਾ ਚੜ ਗਿਆ ਧੜੀਆਂ

ਸਾਰੇ ਦੇਸ ਵਿਚ ਖਬਰਾਂ ਹੋਗੀਆਂ

ਕਵੀਆਂ ਨੇ ਜੋੜੀਆਂ ਲੜੀਆਂ

ਇਸ਼ਕ ਕਮਾ ਲੈ ਵੇ

ਇਸ ਵਿਚ ਮੌਜਾਂ ਬੜੀਆਂ

.......................

ਉੱਚੇ ਟਿੱਬੇ ਮੈਂ ਤਾਣਾ ਤਣਦੀ

ਪੱਟ ਪੱਟ ਸਿਟਦੀ ਕਾਨੇ

ਏਸ ਦੇਸ ਮੇਰਾ ਜੀ ਨੀ ਲਗਦਾ

ਲੈ ਚੱਲ਼ ਦੇਸ ਬੇਗਾਨੇ

ਐਕਣ ਨੀ ਪੁੱਗਣੇ

ਗੱਲ਼ਾਂ ਨਾਲ ਯਰਾਨੇ

.......................

ਪਤਲਿਆ ਚੋਬਰਾ ਵੱਢਦਾ ਬੇਰੀਆਂ

ਵੱਢ ਵੱਢ ਲਾਉਂਦਾ ਝਾਫੇ

ਹਾਕ ਨਾ ਮਾਰੀਂ ਵੇ

ਮੇਰੇ ਸੁਣਨਗੇ ਮਾਪੇ

ਸੈਨਤ ਮਾਰ ਲਈਂ

ਮੈਂ ਆ ਜੂੰਗੀ ਆਪੇ

ਲੌਂਗ ਕਰਾ ਮਿੱਤਰਾ

ਮਛਲੀ ਕਰਾਉਣਗੇ ਮਾਪੇ

.......................

ਮਾਏਂ ਨੀ ਮੈੰਨੂ ਜੁੱਤੀ ਕਰਾਦੇ

ਹੇਠ ਲਵਾ ਦੇ ਖੋਖੇ

ਪੂਰਨ ਵਰਗੇ ਕਤਲ ਕਰਾਤੇ

ਮਿਰਜੇ ਵਰਗੇ ਝੋਟੇ

ਫੋਕੀ ਯਾਰੀ ਝੂਠੇ ਲਾਰੇ

ਆਸ਼ਕ ਹੋ 'ਗੇ ਖੋਟੇ

ਮੁੜਜਾ ਤੂੰ ਮਿੱਤਰਾ

ਵੀਰ ਕਰਨਗੇ ਟੋਟੇ

........................

ਲਿਆ ਵੀਰਾ ਤੇਰਾ ਗਾਨਾ ਗੋਠ ਦਿਆਂ

ਲਾਕੇ ਸਿਲਮ ਸਿਤਾਰੇ

ਪੰਜ ਰੁਪੱਈਏ ਭੈਣ ਨੂੰ ਦੇ ਦੀਂ

ਪੰਜ ਟੇਕਦੀਂ ਡੇਰੇ

ਰੱਬ ਨੇ ਰੂਪ ਦਿੱਤਾ

ਬੰਨ਼ ਸ਼ਗਨਾਂ ਦੇ ਸਿਹਰੇ

........................

ਨਿਊਂਆਂ ਦੇ ਮੁੰਡੇ ਬੜੇ ਸ਼ੁਕੀਨੀ

ਗਲੀਏਂ ਮਾਰਦਾ ਗੇੜੇ

ਹੱਥੀਂ ਟਾਕੂਏ ਕੱਛੀਂ ਬੋਤਲਾਂ

ਠਾਣੇਦਾਰ ਨੇ ਘੇਰੇ

ਪੈਸੇ ਆਲ਼ੇ ਦੀ ਧੀ ਨਾ ਲੈਂਦੇ

ਪੁੰਨ ਦੇ ਲੈਂਦੇ ਫੇਰੇ

ਪਲਕਾਂ ਕਿਉਂ ਸਿੱਟੀਆਂ

ਝਾਕ ਸਾਹਮਣੇ ਮੇਰੇ

.........................

Wednesday, 6 August 2008

ਤੈਂ ਮੈਂ ਮੋਹ ਲਈ ਵੇ


ਗਿੱਧਾ ਗਿੱਧਾ ਕਰੇਂ ਮੇਲਣੇ

ਗਿੱਧਾ ਪਊ ਬਥੇਰਾ

ਪਿੰਡ ਵਿਚ ਤਾਂ ਰਿਹਾ ਕੋਈ ਨਾ

ਕੀ ਬੁੱਢੜਾ ਕੀ ਠੇਰਾ

ਬੰਨ ਕੇ ਢਾਣੀਆਂ ਆ ਗੇ ਚੋਬਰ

ਢੁੱਕਿਆ ਸਾਧ ਦਾ ਡੇਰਾ

ਨੱਚ ਲੈ ਕਬੂਤਰੀਏ

ਦੇ ਦੇ ਸ਼ੌਂਕ ਦਾ ਗੇੜਾ

........................

ਆਰਾ - ਆਰਾ - ਆਰਾ

ਗੱਡੀਆਂ ਪੁਲ਼ ਚੜੀਆਂ


ਜਿਉਣੇ ਮੌੜ ਨੇ ਮਾਰਿਆ ਲਲਕਾਰਾ

ਜਾਨੀ ਸਭ ਭੱਜਗੇ

ਜਿਉਣਾ ਸੁਣੀਂਦਾ ਸੂਰਮਾ ਭਾਰਾ

ਭੱਜ ਕੇ ਜਿਉਣੇ ਨੇ

ਜਿੰਦਾ ਤੋੜ ਲਿਆ ਰੋਕੜੀ ਆਲਾ

ਰੋਕੜੀ ਨੂੰ ਐਂ ਗਿਣਦਾ

ਜਿਉਂ ਬਲ਼ਦ ਵੇਚ ਲਿਆ ਨਾਰਾ

ਇੱਕ ਦਿਨ ਛਿਪ ਜੇਂਗਾ

ਦਾਤਣ ਵਰਗਿਆ ਯਾਰਾ



ਜਾਂ


ਵੇ ਕਦ ਕਰਵਾਵੇਂਗਾ

ਲੌਂਗ ਬੁਰਜੀਆਂ ਵਾਲਾ

........................

ਬਾਰੀਂ ਬਰਸੀਂ ਖੱਟਣ ਗਿਆ ਸੀ

ਖਟ ਕੇ ਲਿਆਂਦੀ ਤਰ ਵੇ

ਮੇਰਾ ਉੱਡੇ ਡੋਰੀਆ

ਮਹਿਲਾਂ ਵਾਲੇ ਘਰ ਵੇ

.......................

ਬਾਰੀਂ ਬਰਸੀਂ ਖੱਟਣ ਗਿਆ ਸੀ

ਖਟ ਕੇ ਲਿਆਂਦਾ ਨਾਲਾ

ਤੇਰੀ ਮੇਰੀ ਨਹੀਓਂ ਨਿਭਣੀ

ਮੈਂ ਗੋਰੀ ਤੂੰ ਕਾਲਾ

.......................

ਸਹੁਰਾ ਜੀ ਇੱਕ ਅਰਜ ਕਰੇਨੀਆਂ

ਅਰਜ ਕਰੇਨੀਆਂ ਥੋਡੀ ਦਾੜੀ ਨੂੰ

ਸਾਨੂੰ ਅੱਡ ਕਰ ਦਿਓ

ਅੱਡ ਕਰ ਦਿਓ ਆਂਉਦੀ ਹਾੜੀ ਨੂੰ

.......................

ਪੱਤੋ ਕੋਲੇ ਖਾਈ ਸੁਣੀਂਦੀ

ਖਾਈ ਕੋਲ਼ੇ ਦੀਨਾ

ਤੈਂ ਮੈਂ ਮੋਹ ਲਈ ਵੇ

ਕਾਲਜ ਦਿਆ ਸ਼ੁਕੀਨਾ

........................

ਦਿਉਰ ਮੇਰੇ ਨੇ ਇੱਕ ਦਿਨ ਲ਼ੜ ਕੇ

ਖੂਹ 'ਤੇ ਪਾ ਲਿਆ ਚੁਬਾਰਾ

ਤਿੰਨ ਭਾਂਤ ਦੀ ਇੱਟ ਲੱਗ ਜਾਂਦੀ

ਚਾਰ ਭਾਂਤ ਦਾ ਗਾਰਾ

ਆਕੜ ਕਾਹਦੀ ਵੇ

ਜੱਗ ਤੇ ਫਿਰੇਂ ਕੁਆਰਾ

........................

ਰਾਈ -ਰਾਈ -ਰਾਈ

ਧੁੱਪ ਮਾਂਗੂ ਚਮਕਦੀਏ

ਤੇਰੀ ਕੁੜੀਆਂ ਕਰਨ ਵਡਿਆਈ

ਗਿੱਧੇ ਵਿੱਚ ਫਿਰੇਂ ਮੇਲ਼ਦੀ

ਗੁੱਤ ਗਿੱਟਿਆਂ ਤਕ ਲਮਕਾਈ

ਚੋਬਰਾਂ ਦਾ ਮੱਚੇ ਕਾਲਜਾ

ਗੇੜਾ ਦੇ ਕੇ ਤੂੰ ਬੋਲੀ ਪਾਈ

ਗਿੱਧੇ 'ਚ ਧਮੱਚੀ ਪੱਟ 'ਤੀ

ਸਿਫ਼ਤਾਂ ਕਰੇ ਲੋਕਾਈ

ਰਸਤਾ ਛੋਡ ਦਿਉ

ਹੀਰ ਮਜਾਜਣ ਆਈ

........................

ਮਾਏਂ ਨੀ ਗਜ਼ ਕਪੜਾ ਲੈ ਦੇ

ਗਜ਼ ਕੱਪੜੇ ਦੀ ਸੁੱਥਣ ਸਮਾਮਾਂ

ਸੁੱਥਣ ਪਾ ਕੇ ਪਿੰਡ ਵਿੱਚ ਜਾਮਾਂ

ਪਿੰਡ ਦੇ ਮੁੰਡੇ ਆਖਣ ਮੋਰਨੀ

ਮੈਂ ਅੱਖ ਨਾ ਫ਼ਰਕਾਮਾਂ

ਵਿੱਚ ਦੀ ਮੁੰਡਿਆਂ ਦੇ

ਸੱਪ ਬਣ ਕੇ ਲੰਘ ਜਾਮਾਂ

.........................

ਅੱਡੀ ਤਾਂ ਮੇਰੀ ਕੌਲ ਕੰਚ ਦੀ

'ਗੂਠੇ ਤੇ ਸਿਰਨਵਾਂ

ਲਿਖ ਲਿਖ ਚਿੱਠੀਆਂ ਡਾਕ 'ਚ ਪਾਵਾਂ

ਧੁਰ ਦੇ ਪਤੇ ਮੰਗਾਵਾਂ

ਰੱਖ ਲਿਆ ਮੇਮਾਂ ਨੇ

ਵਿਹੁ ਖਾ ਕੇ ਮਰ ਜਾਵਾਂ

ਤੇਰੀ ਫ਼ੋਟੋ 'ਤੇ

ਬਹਿ ਕੇ ਦਿਲ ਪਰਚਾਵਾਂ


ਜਾਂ


ਦਾਰੂ ਪੀਂਦੇ ਨੂੰ

ਕੰਚ ਦਾ ਗਲਾਸ ਫੜਾਵਾਂ


ਜਾਂ


ਮੂਹਰੇ ਲੱਗ ਪਤਲਿਆ

ਮਗਰ ਝੂਲਦੀ ਆਂਵਾਂ

..........................

Wednesday, 30 July 2008

ਦੋ ਸ਼ਬਦ(Preface)


ਮੇਰਾ ਯਤਨ ਆ ਕਿ ਚੰਦ ਕੁ ਬੋਲੀਆਂ ਦੀ collection ਕਰਾਂ । ਬਾਕੀ, ਸਭਨਾਂ ਦੇ ਸਹਿਯੋਗ ਦੀ ਗੱਲ ਆ ।


ਗਿੱਧਾ , ਪੰਜਾਬ ਦੀ (Fudal) ਅਸਲੀਅਤ ਨੂੰ ਜਾਨਣ ਦਾ , ਰਿਸ਼ਤਿਆਂ ਦੀ ਥਾਹ ਪਾਉਣ ਦਾ ਸਭ ਤੋਂ ਢੁਕਵਾਂ ਜ਼ਰੀਆ ਹੈ ।


ਗਿੱਧੇ ਨੂੰ ਸੰਪਾਦਤ ਕਰਨ ਦਾ ਤਾਂ ਕੋਈ ਇਰਾਦਾ ਨਹੀਂ , ਪਰੰਤੂ 'ਤੱਤੀਆਂ' ਬੋਲੀਆਂ ਤੋਂ ਤਾਂ ਗੁਰੇਜ਼ ਕਰਾਂਗਾ ਹੀ ।



ਬੇਨਤੀ :


ਵਧੀਆ ਬੋਲੀਆਂ ਭੇਜੋ , ਭਾਂਵੇਂ ROMAN ਅੱਖਰਾਂ 'ਚ ਹੀ ਸਹੀ ।