ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਦੋਜਕ ਨਾਲ ਤਪਾਵਾਂ
ਕੱਢ ਕਾਲਜਾ ਕਰ ਲਾਂ ਪੇੜੇ
ਇਸ਼ਕ ਪਲੇਥਣ ਲਾਵਾਂ
ਕੁੱਟ ਚੂਰੀ ਮੈਂ ਪੋਣੇ ਬੰਨ੍ਹਦੀ
ਘਿਓ ਨੈਣਾਂ ਦਾ ਪਾਵਾਂ
ਜਿਗਰੀ ਯਾਰ ਦੀਆਂ
ਬਹਿ ਕੇ ਔਸੀਆਂ ਪਾਵਾਂ
..............
ਸੁਣ ਨੀ ਮੇਲਣੇ ਨੱਚਣ ਆਲੀਏ
ਰੂਪ ਤੇਰਾ ਹੈ ਬਾਹਲਾ
ਮੱਥੇ ਤੇਰੇ ਬਿੰਦੀ ਸੋਂਹਦੀ
ਜਿਉਂ ਅਹਿਰਨ ਵਿਚ ਫ਼ਾਲਾ
ਚਿੱਟੇ ਟੂਲ ਦੀ ਕੁੜਤੀ ਸਮਾ ਲੈ
ਉੱਤੇ ਲੈ ਲਾ ਡੋਰੀਆ ਕਾਲਾ
ਹਸਦੀ ਦੇ ਫੁੱਲ ਕਿਰਦੇ
ਚੁਗਦਾ ਫਿਰੇ ਕੁਮਾਰਾ
ਰਾਤੀਂ ਕੀ ਗੁਜਰੀ
ਦੱਸ ਪਤਲੋ ਦਿਆ ਯਾਰਾ
..............
ਨੀ ਨੱਕ ਵਿਚ ਤੇਰੇ ਲੌਂਗ ਤੇ ਮਛਲੀ
ਮੱਥੇ ਚਮਕੇ ਟਿੱਕਾ
ਤੇਰੇ ਮੂਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ ਫਿੱਕਾ
ਨੀਂ ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਨੀ ਕੱਦ ਨੱਚੇਂਗੀ
ਨੱਚ ਲੈ ਪਟੋਲਾ ਬਣਕੇ
..............
ਸਾਉਣ ਮਹੀਨੇ ਲੱਗਣ ਝੜੀਆਂ
ਭਾਦੋਂ ਵਿਚ ਅੜਾਕੇ
ਤੇਲ ਬਾਝ ਨਾ ਪੱਕਣ ਗੁਲਗੁਲੇ
ਦੇਖ ਰਹੀ ਪਰਤਿਆ ਕੇ
ਹੀਰ ਨੇ ਰਾਂਝੇ ਦੇ
ਰੱਖ 'ਤੇ ਕੰਨ ਪੜਵਾ ਕੇ
..............
ਘਰ ਜਿਨ੍ਹਾਂ ਦੇ ਲਾਗੋ ਲਾਗੀ
ਖੇਤ ਜਿਨ੍ਹਾਂ ਦੇ ਨਿਆਈਆਂ
ਉੱਚੀਆਂ ਚਰ੍ਹੀਆਂ ਸੰਘਣੇ ਬਾਜਰੇ
ਖੇਡਣ ਲੁਕਣ ਮਚਾਈਆਂ
ਲੈ ਕੇ ਗੋਪੀਆਂ ਚੜ੍ਹਗੀ ਮਨੇ ਤੇ
ਚਿੜੀਆਂ ਖੂਬ ਉਡਾਈਆਂ
ਧੁਰ ਤੱਕ ਨਿਭਣਗੀਆਂ
ਨਿਆਣੀ ਉਮਰ ਦੀਆਂ ਲਾਈਆਂ
..............