Monday 6 April, 2009

ਹੀਰ ਸਿਆਲਾਂ ਦੀ

ਆਰੀ ਆਰੀ ਆਰੀ
ਹੇਠ ਬਰੋਟੇ ਦੇ
ਦਾਤਣ ਕਰੇ ਕੁਆਰੀ
ਦਾਤਣ ਕਿਉਂ ਕਰਦੀ
ਦੰਦ ਚਿੱਟੇ ਰੱਖਣ ਦੀ ਮਾਰੀ
ਦੰਦ ਚਿੱਟੇ ਕਿਉਂ ਕਰਦੀ
ਸੋਹਣੀ ਬਨਣ ਦੀ ਮਾਰੀ
ਸੋਹਣੀ ਕਿਉਂ ਬਣਦੀ
ਪ੍ਰੀਤ ਕਰਨ ਦੀ ਮਾਰੀ
ਸੁਣ ਲੈ ਹੀਰੇ ਨੀ
ਮੈਂ ਤੇਰਾ ਭੌਰ ਸਰਕਾਰੀ
.............
ਚੂਪੇ ਗੰਨੇ ਚੱਬੇ ਸਿੱਟੇ
ਰਾਖੀ ਖੇਤ ਦੀ ਕਰਦੀ
ਹੀਰ ਸਿਆਲਾਂ ਦੀ
ਅਲਕ ਬਛੇਰੀ ਪਲਦੀ
.............
ਉੱਤੇ ਹੀਰ ਨੇ ਲਈ ਫੁਲਕਾਰੀ
ਕੁੜਤੀ ਖੱਦਰ ਦੀ ਪਾਈ
ਕੁੜੀਆਂ 'ਚ ਚੰਦ ਚੜ੍ਹ ਗਿਆ
ਹੀਰ ਗਿੱਧੇ ਵਿੱਚ ਆਈ
.............
ਜੇਠ ਹਾੜ ਵਿਚ ਅੰਬ ਬਥੇਰੇ
ਸੌਣ ਜਾਮਨੂੰ ਪੀਲਾਂ
ਰਾਂਝਿਆ ਆ ਜਾ ਵੇ
ਪਾ ਕੇ ਪਟਾਰੀ ਵਿੱਚ ਕੀਲਾਂ
.............
ਚੌਂਕ ਚੰਦ ਤੈਂ ਗੁੰਦ ਲਏ ਹੀਰੇ
ਗਹਿਣਿਆਂ ਭਰੀ ਪਟਾਰੀ
ਹੱਥ ਤਾਂ ਤੇਰੇ ਮਹਿੰਦੀ ਰੰਗਲੇ
ਸਹੁਰੀਂ ਜਾਣ ਦੀ ਤਿਆਰੀ
ਰਾਂਝੇ ਦੀਏ ਹੀਰੇ ਨੀ
ਬਚਨਾਂ ਤੋਂ ਤੂੰ ਹਾਰੀ
.............
ਖਟੱਣ ਗਏ ਕੀ ਖੱਟ ਲਿਆਏ
ਖੱਟ ਕੇ ਲਿਆਏ ਪਾਵੇ
ਰਾਂਝੇ ਨੂੰ ਪਿੱਛੇ ਛੱਡ ਕੇ
ਮੈਥੋਂ ਪੱਬ ਚੁੱਕਿਆ ਨਾ ਜਾਵੇ
.............
ਲੈ ਨੀ ਹੀਰੇ ਰੋਟੀ ਖਾ ਲੈ
ਮੈਂ ਨੀਂ ਸੱਸੇ ਖਾਂਦੀ
ਟੂਮ ਛੱਲਾ ਤੇਰੇ ਘੜਤ ਬਥੇਰਾ
ਵਿਚ ਕੁਰਸਾਂ ਦੀ ਚਾਂਦੀ
ਰਾਂਝੇ ਚਾਕ ਬਿਨਾ ਜੀ ਨੀ ਲਗਦਾ
ਜਾਨ ਨਿਕਲਦੀ ਜਾਂਦੀ
ਧਰਤੀ ਖੇੜਿਆਂ ਦੀ
ਹੀਰ ਨੂੰ ਵੱਢ ਵੱਢ ਖਾਂਦੀ
.............