Friday 26 September, 2008

ਕਬਰਾਂ 'ਡੀਕਣ ਖੜੀਆਂ


ਚੱਲ ਵੇ ਮਨਾ ਬਗਾਨਿਆ ਧਨਾ

ਕੀ ਲੈਣਾ ਜੱਗ ਰਹਿ ਕੇ


ਚੰਨਣ ਦੇਹੀ ਆਪ ਗਵਾ ਲਈ

ਬਾਂਸਾਂ ਵਾਗੂੰ ਖਹਿ ਕੇ

ਧਰਮ ਰਾਜ ਅੱਗੇ ਲੇਖਾ ਮੰਗਦਾ

ਲੰਘ ਜਾਂਗੇ ਕੀ ਕਹਿ ਕੇ

ਦੁਖੜੇ ਭੋਗਾਂਗੇ

ਵਿਚ ਨਰਕਾਂ ਦੇ ਰਹਿ ਕੇ

..............

ਚੱਲ ਵੇ ਮਨਾ ਬਗਾਨਿਆ ਧਨਾ

ਕਾਹਨੂੰ ਪਰੀਤਾਂ ਜੜੀਆਂ


ਓੜਕ ਇੱਥੋਂ ਚਲਣਾ ਇੱਕ ਦਿਨ

ਕਬਰਾਂ 'ਡੀਕਣ ਖੜੀਆਂ

ਉੱਤੋਂ ਦੀ ਤੇਰੇ ਵਗਣ ਹਨੇਰੀਆਂ

ਲੱਗਣ ਸਾਉਣ ਦੀਆਂ ਝੜੀਆਂ

ਅੱਖੀਆਂ ਮੋੜ ਰਹੀ

ਨਾ ਮੁੜੀਆਂ ਨਾ ਲੜੀਆਂ

..............

ਚੱਲ ਵੇ ਮਨਾ ਬਗਾਨਿਆ ਧਨਾ

ਬੈਠਾ ਕਿਸੇ ਨਾ ਰਹਿਣਾ


ਇੱਕ ਦਿਨ ਤੈਨੂੰ ਇੱਥੋਂ ਚਲਣਾ ਪੈਣਾ

ਜਾ ਕਬਰਾਂ ਵਿੱਚ ਰਹਿਣਾ

ਤੇਰੇ ਉੱਤੋਂ ਦੀ ਵਗਣ ਹਨੇਰੀਆਂ

ਮੰਨ ਫ਼ੱਕਰਾਂ ਦਾ ਕਹਿਣਾ

ਬਾਗ਼ 'ਚ ਫ਼ੁੱਲ ਖਿੜਿਆ

ਅਸੀਂ ਭੌਰੇ ਬਣ ਕੇ ਰਹਿਣਾ

..............

ਲੰਮਿਆ ਵੇ ਤੇਰੀ ਕਬ਼ਰ ਪਟੀਂਦੀ

ਮਧਰਿਆ ਵੇ ਤੇਰਾ ਖਾਤਾ


ਭਰ ਭਰ ਚੇਪੇ ਹਿੱਕ ਤੇ ਰੱਖਦਾ

ਹਿੱਕ ਦਾ ਪਵੇ ਜੜਾਕਾ

ਸੋਹਣੀ ਸੂਰਤ ਦਾ

ਵਿਚ ਕਬਰਾਂ ਦੇ ਵਾਸਾ

..............

ਮਰ ਗਏ ਵੀਰ ਰੋਂਦੀਆਂ ਭੈਣਾਂ

ਵਿਛੜੀ ਵਿਸਾਖੀ ਭਰ ਗਿਆ ਸ਼ਹਿਣਾ


ਛਿਪ ਜਾਊ ਕੁਲ ਦੁਨੀਆਂ

ਏਥੇ ਨਾਮ ਸਾਈਂ ਦਾ ਰਹਿਣਾ

ਸੋਹਣੀ ਜਿੰਦੜੀ ਨੇ

ਰਾਹ ਮੌਤਾਂ ਦੇ ਪੈਣਾ


ਜਾਂ


ਕੀ ਬੰਨਣੇ ਨੇ ਦਾਅਵੇ

ਏਥੋਂ ਚੱਲਣਾ ਸਭਨੂੰ ਪੈਣਾ

..............

Monday 22 September, 2008

ਬਦੀਆਂ ਨਾ ਕਰ ਵੇ


ਪਤਲਾ ਜਾ ਗੱਭਰੂ ਵਢਦਾ ਬੇਰੀਆਂ

ਵੱਢ ਵੱਢ ਲਾਉਂਦਾ ਝਾਫੇ


ਹਾਕ ਨਾ ਮਾਰੀਂ ਵੇ

ਮੇਰੇ ਸੁਨਣਗੇ ਮਾਪੇ

ਸੈਨਤ ਨਾ ਮਾਰੀਂ

ਮੈਂ ਆ ਜੂੰਗੀ ਆਪੇ

ਫੁੱਟਗੇ ਵੇ ਮਿੱਤਰਾ

ਜੇਬਾਂ ਬਾਝ ਪਤਾਸੇ

..............

ਮੈਂ ਤਾਂ ਘਰ ਤੋਂ ਸਾਗ ਲੈਣ ਦਾ

ਕਰਕੇ ਤੁਰੀ ਬਹਾਨਾ


ਜਾਣ ਵੀ ਦੇਹ ਕਿਉਂ ਵੀਣੀ ਫੜ ਕੇ

ਖੜ ਗਿਐ ਛੈਲ ਜੁਆਨਾ

ਕੱਚੀਆਂ ਕੈਲਾਂ ਦਾ

ਕੌਣ ਭਰੂ ਹਰਜਾਨਾ

..............

ਹਰਾ ਮੂੰਗੀਆ ਬੰਨ ਕੇ ਸਾਫਾ

ਬਣਿਆ ਫਿਰਦਾ ਜਾਨੀ


ਭਾੜੇ ਦੀ ਹੱਟ ਵਿਚ ਰਹਿ ਕੇ ਬੰਦਿਆ

ਮੌਜ ਬਥੇਰੀ ਮਾਣੀ

ਕਾਲਿਆਂ ਦੇ ਵਿਚ ਆ ਗਏ ਧੌਲੇ

ਆ ਗਈ ਮੌਤ ਨਿਸ਼ਾਨੀ

ਬਦੀਆਂ ਨਾ ਕਰ ਵੇ

ਕੋਈ ਦਿਨ ਦੀ ਜਿੰਦਗਾਨੀ

..............

ਗਿੱਧਾ ਗਿੱਧਾ ਕਰੇਂ ਮੇਲਣੇ

ਗਿੱਧਾ ਪਊ ਬਥੇਰਾ


ਸਾਰੇ ਪਿੰਡ ਦੇ ਮੁੰਡੇ ਸਦਾ ਲੇ

ਕੀ ਬੁਢੜਾ ਕੀ ਠੇਰਾ

ਅੱਖ ਪੱਟ ਕੇ ਦੇਖ ਮੇਲਣੇ

ਭਰਿਆ ਪਿਆ ਨਮੇਰਾ

ਸਬਜ਼ ਕਬੂਤਰੀਏ

ਦੇ ਦੇ ਸ਼ੌਂਕ ਦਾ ਗੇੜਾ

..............

ਗਿੱਧਾ ਗਿੱਧਾ ਕਰੇਂ ਰਕਾਨੇ

ਗਿੱਧਾ ਪਊ ਬਥੇਰਾ


ਪਿੰਡ ਦੇ ਮੁੰਡੇ ਦੇਖਣ ਆ ਗੇ

ਕੀ ਬੁੱਢਾ, ਕੀ ਠੇਰਾ

ਬੰਨ ਕੇ ਢਾਣੀਆਂ ਆ ਗੇ ਚੋਬਰ

ਢੁੱਕਿਆ ਸਾਧ ਦਾ ਡੇਰਾ

ਅੱਖ ਚੱਕ ਕੇ ਤਾਂ ਕੇਰਾਂ

ਝੁਕਿਆ ਪਿਆ ਨਮੇਰਾ

ਤੈਨੂੰ ਧੁੱਪ ਲੱਗਦੀ

ਮੱਚੇ ਕਾਲਜਾ ਮੇਰਾ


ਜਾਂ


ਖੁੱਲ ਕੇ ਨੱਚ ਲੈ ਨੀ

ਸਾਲ ਬਾਅਦ ਦਾ ਫੇਰਾ

..............

Saturday 13 September, 2008

ਵਿਆਂਦੜ ਫੁੱਲ ਵਰਗਾ


ਸੋਹਣਾ ਵਿਆਂਦੜ ਰਥ ਵਿਚ ਬਹਿ ਗਿਆ

ਹੇਠ ਚੁਤੱਹੀ ਵਿਛਾ ਕੇ

ਊਠਾਂ ਤੇ ਸਭ ਜਾਨੀ ਚੜ ਗਏ

ਝਾਂਜਰਾਂ ਛੋਟੀਆਂ ਪਾ ਕੇ

ਰਥ ਗੱਡੀਆਂ ਜਾ ਅੰਤ ਨਾ ਕੋਈ

ਜਾਨੀ ਚੜ ਗਏ ਸਜ ਸਜਾ ਕੇ

ਜੰਨ ਆਈ ਜਦ ਕੁੜੀਆਂ ਦੇਖੀ

ਆਈਆਂ ਹੁੰਮ ਹੁੰਮਾ ਕੇ

ਵਿਆਂਦੜ ਫੁੱਲ ਵਰਗਾ

ਦੇਖ ਵਿਆਹੁਲੀਏ ਆ ਕੇ

...............................

ਪਹਿਲੀ ਵਾਰ ਬਹੂ ਗਈ ਮੁਕਲਾਵੇ

ਗੱਲ ਪੁੱਛ ਲੈਂਦਾ ਸਾਰੀ

ਕੀਹਦੇ ਨਾਲ ਤੇਰੀ ਲੱਗੀ ਦੋਸਤੀ

ਕੀਹਦੇ ਨਾਲ ਤੇਰੀ ਯਾਰੀ

ਨਾ ਵੇ ਕਿਸੇ ਨਾਲ ਲੱਗੀ ਦੋਸਤੀ

ਨਾ ਵੇ ਕਿਸੇ ਨਾਲ ਯਾਰੀ

ਪੇਕੇ ਰੰਹਿਦੇ ਸੀ

ਕਰਦੇ ਸੀ ਸਰਦਾਰੀ

...............................

ਸੜਕੇ ਸੜਕੇ ਮੈਂ ਰੋਟੀ ਲਈ ਜਾਂਦੀ

ਲੱਭ ਗਈ ਸੁਰਮੇਦਾਣੀ

ਘਰ ਆ ਕੇ ਮੈਂ ਪਾਉਣ ਲੱਗੀ

ਮੱਚਦੀ ਫਿਰੇ ਜਿਠਾਣੀ

ਮਿੰਨਤਾਂ ਨਾ ਕਰ ਵੇ

ਮੈਂ ਰੋਟੀ ਨਹੀਂ ਖਾਣੀ

...............................

ਜਦ ਮੈਂ ਕੀਤੀ ਬੀ. ਏ. ਬੀ. ਐਡ

ਲੋਕੀਂ ਦੇਣ ਵਧਾਈ

ਹਾਣੀ ਮੇਰਾ ਫੇਲ਼ ਹੋ ਗਿਆ

ਮੈਨੂੰ ਹੀਣਤ ਆਈ

ਤਿੰਨ ਵਾਰੀ ਉਹ ਰਿਹਾ ਵਿਚਾਲੇ

ਡਿਗਰੀ ਹੱਥ ਨਾ ਆਈ

ਮੇਰੇ ਮਾਪਿਆਂ ਨੇ

ਬੀ. ਏ. ਫੇਰ ਕਰਾਈ

...............................

ਜੇ ਮੁੰਡਿਆ ਤੂੰ ਫੌਰਨ ਜਾਣਾ

ਜਾਈਂ ਸਾਡੇ ਨਾਲ ਲੜਕੇ

ਨਾ ਵੇ ਅਸੀਂ ਤੈਨੂੰ ਯਾਦ ਕਰਾਂਗੇ

ਨਾ ਰੋਈਏ ਮਨ ਭਰਕੇ

ਉੱਠ ਪਰਦੇਸ ਗਿਆ

ਮਨ ਸਾਡੇ ਵਿਚ ਵਸ ਕੇ

...............................

Monday 8 September, 2008

ਭੁੱਲੀਆਂ - ਵਿੱਸਰੀਆਂ



ਉਹ ਜੰਞਾ ਕਿੱਥੇ ? ਉਹ ਵਿਹਲ , ਉਹ ਖੁਲ੍ਹ, ਉਹ ਚਾਅ,

ਉਹ ਘੋੜੀਆਂ , ਉਹ ਸੁਹਾਗ,

ਉਹ ਗਿੱਧੇ , ਉਹ ਧੂੜਾਂ ਦਾ ਉਠਾਉਣਾ ਰਲ ਮਿਲ,

ਉਪਰ ਚੰਨ, ਹੇਠ ਚੰਨੀਆਂ , ਬੰਨੇ ਤੇ ਬੰਨੀਆਂ,

ਨੱਚ ਨੱਚ , ਧੱਮ ਧੱਮ ,ਥੰਮ ਥੰਮ , ਆਖਰ ਮਾਨਣ ਮੁੜ ਉਹੋ !

ਖਿਚ- ਖਿਲੀਆਂ ਪੁਰਾਣੀਆਂ !


           - ਪੂਰਨ ਸਿੰਘ