ਪਤਲਾ ਜਾ ਗੱਭਰੂ ਵਢਦਾ ਬੇਰੀਆਂ
ਵੱਢ ਵੱਢ ਲਾਉਂਦਾ ਝਾਫੇ
ਹਾਕ ਨਾ ਮਾਰੀਂ ਵੇ
ਮੇਰੇ ਸੁਨਣਗੇ ਮਾਪੇ
ਸੈਨਤ ਨਾ ਮਾਰੀਂ
ਮੈਂ ਆ ਜੂੰਗੀ ਆਪੇ
ਫੁੱਟਗੇ ਵੇ ਮਿੱਤਰਾ
ਜੇਬਾਂ ਬਾਝ ਪਤਾਸੇ
..............
ਮੈਂ ਤਾਂ ਘਰ ਤੋਂ ਸਾਗ ਲੈਣ ਦਾ
ਕਰਕੇ ਤੁਰੀ ਬਹਾਨਾ
ਜਾਣ ਵੀ ਦੇਹ ਕਿਉਂ ਵੀਣੀ ਫੜ ਕੇ
ਖੜ ਗਿਐ ਛੈਲ ਜੁਆਨਾ
ਕੱਚੀਆਂ ਕੈਲਾਂ ਦਾ
ਕੌਣ ਭਰੂ ਹਰਜਾਨਾ
..............
ਹਰਾ ਮੂੰਗੀਆ ਬੰਨ ਕੇ ਸਾਫਾ
ਬਣਿਆ ਫਿਰਦਾ ਜਾਨੀ
ਭਾੜੇ ਦੀ ਹੱਟ ਵਿਚ ਰਹਿ ਕੇ ਬੰਦਿਆ
ਮੌਜ ਬਥੇਰੀ ਮਾਣੀ
ਕਾਲਿਆਂ ਦੇ ਵਿਚ ਆ ਗਏ ਧੌਲੇ
ਆ ਗਈ ਮੌਤ ਨਿਸ਼ਾਨੀ
ਬਦੀਆਂ ਨਾ ਕਰ ਵੇ
ਕੋਈ ਦਿਨ ਦੀ ਜਿੰਦਗਾਨੀ
..............
ਗਿੱਧਾ ਗਿੱਧਾ ਕਰੇਂ ਮੇਲਣੇ
ਗਿੱਧਾ ਪਊ ਬਥੇਰਾ
ਸਾਰੇ ਪਿੰਡ ਦੇ ਮੁੰਡੇ ਸਦਾ ਲੇ
ਕੀ ਬੁਢੜਾ ਕੀ ਠੇਰਾ
ਅੱਖ ਪੱਟ ਕੇ ਦੇਖ ਮੇਲਣੇ
ਭਰਿਆ ਪਿਆ ਨਮੇਰਾ
ਸਬਜ਼ ਕਬੂਤਰੀਏ
ਦੇ ਦੇ ਸ਼ੌਂਕ ਦਾ ਗੇੜਾ
..............
ਗਿੱਧਾ ਗਿੱਧਾ ਕਰੇਂ ਰਕਾਨੇ
ਗਿੱਧਾ ਪਊ ਬਥੇਰਾ
ਪਿੰਡ ਦੇ ਮੁੰਡੇ ਦੇਖਣ ਆ ਗੇ
ਕੀ ਬੁੱਢਾ, ਕੀ ਠੇਰਾ
ਬੰਨ ਕੇ ਢਾਣੀਆਂ ਆ ਗੇ ਚੋਬਰ
ਢੁੱਕਿਆ ਸਾਧ ਦਾ ਡੇਰਾ
ਅੱਖ ਚੱਕ ਕੇ ਤਾਂ ਕੇਰਾਂ
ਝੁਕਿਆ ਪਿਆ ਨਮੇਰਾ
ਤੈਨੂੰ ਧੁੱਪ ਲੱਗਦੀ
ਮੱਚੇ ਕਾਲਜਾ ਮੇਰਾ
ਜਾਂ
ਖੁੱਲ ਕੇ ਨੱਚ ਲੈ ਨੀ
ਸਾਲ ਬਾਅਦ ਦਾ ਫੇਰਾ
..............
No comments:
Post a Comment