Showing posts with label lovers. Show all posts
Showing posts with label lovers. Show all posts

Saturday, 28 February 2009

ਮੈਂ ਪੁੰਨੂੰ ਦੀ, ਪੁੰਨੂੰ ਮੇਰਾ


ਪਰਦੇਸਾਂ ਦੇ ਵਿੱਚ ਲਾਏ ਡੇਰੇ
ਸਿੱਖ ਕੇ ਨਿਹੁੰ ਦੀ ਰੀਤ
ਤੂੰ ਕਿਹੜਾ ਚੰਨ ਪੁੰਨੂੰਆ
ਮਨ ਮਿਲ ਗਏ ਦੀ ਪ੍ਰੀਤ
...............
ਤੇਰੇ ਪਿੱਛੇ ਮੈਂ ਬਣਿਆ ਭੌਰਾ
ਛੱਡ ਕੇ ਲੁੱਕ ਲੁਕਾਈ
ਸ਼ੀਸ਼ੇ ਵਿੱਚ ਵੇਖ ਸੱਸੀਏ
ਮੇਰੀ ਤੇਰੇ ਨਾਲੋਂ ਜੋਤ ਸਵਾਈ
...............
ਦੱਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲੀ
ਜਿੱਥੇ ਮੇਰਾ ਪੁੰਨੂੰ ਮਿਲੇ
ਉਹ ਧਰਤੀ ਨਸੀਬਾਂ ਵਾਲੀ
...............
ਥਲ ਵੀ ਤੱਤਾ, ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ 'ਕੇਰਾਂ ਦੱਸ ਤਾਂ ਸਹੀ
ਕਦ ਹੋਣਗੇ ਪੁੰਨੂੰ ਨਾਲ ਮੇਲੇ
...............
ਮੈਂ ਪੁੰਨੂੰ ਦੀ, ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦੱਸ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ
...............

Tuesday, 16 December 2008

ਲਾ ਕੇ ਤੋੜ ਨਿਭਾਵਾਂ

ਪ੍ਰੀਤਾਂ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਕੋਇਲੇ ਸਾਉਣ ਦੀਏ
ਤੈਨੂੰ ਹੱਥਾਂ 'ਤੇ ਚੋਗ ਚੁਗਾਮਾਂ
...............
ਜੇਠ ਹਾੜ ਦੇ ਤੱਤੇ ਮਹੀਨੇ
ਤੱਤੀਆਂ ਚੱਲਣ ਹਵਾਵਾਂ
ਤੈਨੂੰ ਧੁੱਪ ਲਗਦੀ
ਮੈਂ ਬਦਲੀ ਬਣ ਜਾਵਾਂ
...............
ਹੀਰਿਆਂ ਹਰਨਾ ਬਾਗੀ ਚਰਨਾਂ
ਬਾਗ ਨੇ ਨੇੜੇ ਤੇੜੇ
ਮਿੱਤਰਾਂ ਨੂੰ ਯਾਦ ਕਰਾਂ
ਹਰ ਚਰਖੇ ਦੇ ਗੇੜੇ
...............
ਬਾਗ ਲਵਾਇਆ ਬਗੀਚਾ ਲਵਾਇਆ
ਵਿੱਚ ਵਿੱਚ ਬੋਲਣ ਮੋਰ
ਦੁਨੀਆਂ ਲੱਖ ਫਿਰਦੀ
ਮੈਨੂੰ ਤੇਰੇ ਜਿਹਾ ਨਾ ਕੋਈ ਹੋਰ
...............
ਭਾਰਾ ਮੁਲਕ ਮਾਹੀ ਦਾ ਵਸੇ
ਨਾ ਮੇਰਾ ਨਾ ਤੇਰਾ
ਚੰਨ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾ ਬਾਝ ਹਨੇਰਾ
...............

Friday, 12 December 2008

ਤੇਰਾ ਮੇਰਾ ਇੱਕ ਮਨ ਵੇ

ਜੇਰਾ ਜੇਰਾ ਜੇਰਾ
ਪੂਣੀਆਂ ਮੈਂ ਢਾਈ ਕੱਤੀਆਂ
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ
ਨੰਘ ਗਿਆ ਨੱਕ ਵੱਟ ਕੇ
ਤੈਨੂੰ ਮਾਣ ਵੇ ਚੰਦਰਿਆ ਕਿਹੜਾ
ਸ਼ੀਸ਼ਾ ਦੇਖ ਲੈ ਕੇ ਮੁੰਡਿਆ
ਤੇਰੇ ਰੰਗ ਤੋਂ ਤੇਜ ਰੰਗ ਮੇਰਾ
ਝਾਕਦੀ ਦੀ ਅੱਖ ਪਕਗੀ
ਕਦੇ ਪਾ ਵਤਨਾਂ ਵੱਲ ਫੇਰਾ
...............
ਲੋਈ ਲੋਈ ਲੋਈ
ਲੁਕ ਛਿਪ ਮਿਲ ਮਿੱਤਰਾ
ਕਾਹਨੂੰ ਕਰਦਾ ਫਿਰੇਂ ਬਦਖੋਈ
ਜੱਗ ਵਿੱਚ ਵਸਦਾ ਰਹੇਂ
ਹੱਥ ਬੰਨ੍ਹ ਕੇ ਕਰਾਂ ਅਰਜੋਈ
ਭੁੱਖ ਤੇਰੇ ਦਰਸ਼ਣ ਦੀ
ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ
...............
ਡਾਕੇ ਡਾਕੇ ਡਾਕੇ
ਜਾਂਦੀ ਜੱਟੀ ਮੇਲੇ ਨੂੰ
ਤੁਰਦੀ ਨਾਗਵਲ ਖਾ ਕੇ
ਗੁੱਟ ਤੇ ਪਵਾਉਣੀ ਮੋਰਨੀ
ਮੈਂ ਤਾਂ ਵਿੱਚ ਮੇਲੇ ਦੇ ਜਾ ਕੇ
ਤੈਨੂੰ ਪੱਟ ਲੈਣਗੇ
ਜੱਟ ਫਿਰਦੇ ਹੱਥਾਂ ਨੂੰ ਥੁੱਕ ਲਾ ਕੇ
ਕਰਦੂੰ ਗਜ ਵਰਗਾ
ਕੋਈ ਦੇਖੇ ਤਾਂ ਜੱਟੀ ਨੂੰ ਹੱਥ ਲਾ ਕੇ
ਨਾ ਜਾਈਂ ਮੇਲੇ ਨੂੰ
ਕੋਈ ਲੈ ਜੂ ਜੇਬ 'ਚ ਪਾ ਕੇ
...............
ਚਾਦੀਂ ਚਾਦੀਂ ਚਾਦੀਂ
ਸੁੱਤਿਆ ਜਾਗ ਪੂਰਨਾ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਕੁਆਰੀ ਦਾ ਐਸਾ ਹੁਸਨ ਐ
ਜਿਉਂ ਗਰਸਾਂ ਦੀ ਚਾਂਦੀ
ਵਿੱਛੜੇ ਮਿਤਰਾਂ ਦੀ
ਸੋਚ ਹੱਡਾਂ ਨੂੰ ਖਾਂਦੀ
...............
ਮੱਠੀਆਂ ਮੱਠੀਆਂ ਮੱਠੀਆਂ
ਤੇਰਾ ਮੇਰਾ ਇੱਕ ਮਨ ਵੇ
ਤੇਰੀ ਮਾਂ ਨੇ ਦਰੈਤਾਂ ਰੱਖੀਆਂ
ਤੈਨੂੰ ਦੇਵੇ ਕੁੱਟ ਚੂਰੀਆਂ
ਮੈਨੂੰ ਚੰਦਰੇ ਘਰਾਂ ਦੀਆਂ ਲੱਸੀਆਂ
ਤੇਰੇ ਫਿਕਰਾਂ 'ਚ
ਰੋਜ ਘਟਾਂ ਤਿੰਨ ਰੱਤੀਆਂ
...............

Tuesday, 4 November 2008

ਬਾਰੀਂ ਬਰਸੀਂ ਖੱਟਣ ਗਿਆ ਸੀ

ਝਾਂਜਰ ਬਣ ਮਿੱਤਰਾ
ਤੈਨੂੰ ਅੱਡੀਆਂ ਕੂਚ ਕੇ ਪਾਵਾਂ
......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਡੋਲ

ਵਣਾਂ ਵਿੱਚ ਆਜਾ ਵੇ
ਸੁਣ ਕੇ ਮੇਰਾ ਬੋਲ
.......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਰੇਤੀ

ਪਾਰ ਲੰਘਾ ਦੇ ਵੇ
ਤੂੰ ਨਦੀਆਂ ਦਾ ਭੇਤੀ
........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਛਾਪੇ

ਦਿਲ ਨੂੰ ਟਿਕਾਣੇ ਰੱਖੀਏ
ਯਾਰ ਹੋਣਗੇ ਮਿਲਣਗੇ ਆਪੇ
.......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਤਾਣਾ

ਬੰਤੋ ਬਣ ਬੱਕਰੀ
ਜੱਟ ਬਣੇ ਤੂਤ ਦਾ ਟਾਹਣਾ
......................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਰੋੜ

ਮੇਰੀ ਕੀਹਨੇ ਖਿੱਚ ਲਈ
ਪਤੰਗ ਵਾਲੀ ਡੋਰ
........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਪਦੀਨਾ

ਰਾਹ 'ਤੇ ਘਰ ਮੇਰਾ
ਮਿਲ ਕੇ ਜਾਈਂ ਸ਼ਕੀਨਾ
..........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਇਆ ਟੱਲੀ

ਸਾਹਮਣੇ ਘਰ ਵਾਲਿਆ
ਮੈਂ ਅੱਜ ਮੁਕਲਾਵੇ ਚੱਲੀ
.........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਪਾਵੇ

ਰਾਂਝੇ ਨੂੰ ਪਿੱਛੇ ਛੱਡ ਕੇ
ਮੈਥੋਂ ਪੱਬ ਚੱਕਿਆ ਨਾ ਜਾਵੇ
.........................
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਡੰਡਾ

ਸਾਧਣੀ ਹੋ ਜਾਊਂਗੀ
ਤੈਨੂੰ ਕਰਕੇ ਰੰਡਾ
......................

Thursday, 16 October 2008

ਸਾਰੇ ਜੱਗ ਨੂੰ ਜੁੱਤੀ 'ਤੇ ਜਾਣਾ


ਦਾਣਾ-ਦਾਣਾ-ਦਾਣਾ

ਚਾਂਦੀ ਦਾ ਘੜਾ ਦੇ ਗੋਖੜੂ


ਮੇਰਾ ਹੋ ਗਿਆ ਹਾਰ ਪੁਰਾਣਾ

ਪੱਚੀਆਂ ਦੀ ਲੈ ਦੇ ਲੋਗੜੀ

ਪਾਉਣਾ ਗੁੱਤ ਦੇ ਵਿਚਾਲੇ ਠਾਣਾ

ਜੁੱਤੀ ਨੂੰ ਲੁਆ ਦੇ ਘੁੰਗਰੂ

ਮੇਲੇ ਹੈਦਰ ਸ਼ੇਖ ਦੇ ਜਾਣਾ

ਦਿਲ ਦੀ ਪੁਗਾਉਣੀ ਸੱਜਣਾ

ਭਾਮੇਂ ਰਹੇ ਨਾ ਭੜੋਲੀ ਵਿੱਚ ਦਾਣਾ

ਤੇਰੀਆਂ ਮੈਂ ਲੱਖ ਮੰਨੀਆਂ

ਮੇਰੀ ਇੱਕ ਜੇ ਮੰਨੇਂ ਤਾਂ ਮੈਂ ਜਾਣਾ

ਤੂੰ ਤਾਂ ਪੱਟ 'ਤੇ ਪੁਆ ਲੀਂ ਮੋਰਨੀ

ਮੈਂ ਤਾਂ ਠੋਡੀ 'ਤੇ ਖੁਣਾਉਣਾ ਚੰਦ-ਦਾਣਾ

ਇਕ ਤੇਰੀ ਜਿੰਦ ਬਦਲੇ

ਸਾਰੇ ਜੱਗ ਨੂੰ ਜੁੱਤੀ 'ਤੇ ਜਾਣਾ

.................

ਰੜਕੇ-ਰੜਕੇ-ਰੜਕੇ

ਭੀੜੀ ਗਲੀ ਵਿਚ ਹੋ ਗੇ ਟਾਕਰੇ


ਖੜ੍ਹ ਗਿਆ ਬਾਹੋਂ ਫੜ ਕੇ

ਚੁਗਲ ਖੋਰ ਨੇ ਚੁਗਲੀ ਕੀਤੀ

ਬੋਲ ਕਾਲਜੇ ਰੜਕੇ

ਭਾਈਆਂ ਮੇਰਿਆਂ ਨੂੰ ਖ਼ਬਰਾਂ ਹੋਈਆਂ

ਆ ਗੇ ਡਾਂਗਾਂ ਫ਼ੜ ਕੇ

ਅੱਖੀਆਂ ਪੂੰਝੇਗਾ

ਲੜ ਸਾਫ਼ੇ ਦਾ ਫੜ ਕੇ

.................

ਝਾਮਾਂ-ਝਾਮਾਂ-ਝਾਮਾਂ

ਕੁੜਤੀ ਲਿਆ ਦੇ ਟੂਲ ਦੀ


ਮੈਂ ਰੇਸ਼ਮੀ ਸੁੱਥਣ ਨਾਲ ਪਾਵਾਂ

ਕੰਨਾਂ ਨੂੰ ਕਰਾ ਦੇ ਡੰਡੀਆਂ

ਤੇਰਾ ਜੱਸ਼ ਗਿੱਧਿਆਂ ਵਿਚ ਗਾਵਾਂ

ਮਿਸਰੀ ਕੜੱਕ ਬੋਲਦੀ

ਲੱਡੂ ਲਿਆਮੇਂ ਤਾਂ ਭੋਰ ਕੇ ਖਾਵਾਂ

.................