Friday, 26 September, 2008

ਕਬਰਾਂ 'ਡੀਕਣ ਖੜੀਆਂ


ਚੱਲ ਵੇ ਮਨਾ ਬਗਾਨਿਆ ਧਨਾ

ਕੀ ਲੈਣਾ ਜੱਗ ਰਹਿ ਕੇ


ਚੰਨਣ ਦੇਹੀ ਆਪ ਗਵਾ ਲਈ

ਬਾਂਸਾਂ ਵਾਗੂੰ ਖਹਿ ਕੇ

ਧਰਮ ਰਾਜ ਅੱਗੇ ਲੇਖਾ ਮੰਗਦਾ

ਲੰਘ ਜਾਂਗੇ ਕੀ ਕਹਿ ਕੇ

ਦੁਖੜੇ ਭੋਗਾਂਗੇ

ਵਿਚ ਨਰਕਾਂ ਦੇ ਰਹਿ ਕੇ

..............

ਚੱਲ ਵੇ ਮਨਾ ਬਗਾਨਿਆ ਧਨਾ

ਕਾਹਨੂੰ ਪਰੀਤਾਂ ਜੜੀਆਂ


ਓੜਕ ਇੱਥੋਂ ਚਲਣਾ ਇੱਕ ਦਿਨ

ਕਬਰਾਂ 'ਡੀਕਣ ਖੜੀਆਂ

ਉੱਤੋਂ ਦੀ ਤੇਰੇ ਵਗਣ ਹਨੇਰੀਆਂ

ਲੱਗਣ ਸਾਉਣ ਦੀਆਂ ਝੜੀਆਂ

ਅੱਖੀਆਂ ਮੋੜ ਰਹੀ

ਨਾ ਮੁੜੀਆਂ ਨਾ ਲੜੀਆਂ

..............

ਚੱਲ ਵੇ ਮਨਾ ਬਗਾਨਿਆ ਧਨਾ

ਬੈਠਾ ਕਿਸੇ ਨਾ ਰਹਿਣਾ


ਇੱਕ ਦਿਨ ਤੈਨੂੰ ਇੱਥੋਂ ਚਲਣਾ ਪੈਣਾ

ਜਾ ਕਬਰਾਂ ਵਿੱਚ ਰਹਿਣਾ

ਤੇਰੇ ਉੱਤੋਂ ਦੀ ਵਗਣ ਹਨੇਰੀਆਂ

ਮੰਨ ਫ਼ੱਕਰਾਂ ਦਾ ਕਹਿਣਾ

ਬਾਗ਼ 'ਚ ਫ਼ੁੱਲ ਖਿੜਿਆ

ਅਸੀਂ ਭੌਰੇ ਬਣ ਕੇ ਰਹਿਣਾ

..............

ਲੰਮਿਆ ਵੇ ਤੇਰੀ ਕਬ਼ਰ ਪਟੀਂਦੀ

ਮਧਰਿਆ ਵੇ ਤੇਰਾ ਖਾਤਾ


ਭਰ ਭਰ ਚੇਪੇ ਹਿੱਕ ਤੇ ਰੱਖਦਾ

ਹਿੱਕ ਦਾ ਪਵੇ ਜੜਾਕਾ

ਸੋਹਣੀ ਸੂਰਤ ਦਾ

ਵਿਚ ਕਬਰਾਂ ਦੇ ਵਾਸਾ

..............

ਮਰ ਗਏ ਵੀਰ ਰੋਂਦੀਆਂ ਭੈਣਾਂ

ਵਿਛੜੀ ਵਿਸਾਖੀ ਭਰ ਗਿਆ ਸ਼ਹਿਣਾ


ਛਿਪ ਜਾਊ ਕੁਲ ਦੁਨੀਆਂ

ਏਥੇ ਨਾਮ ਸਾਈਂ ਦਾ ਰਹਿਣਾ

ਸੋਹਣੀ ਜਿੰਦੜੀ ਨੇ

ਰਾਹ ਮੌਤਾਂ ਦੇ ਪੈਣਾ


ਜਾਂ


ਕੀ ਬੰਨਣੇ ਨੇ ਦਾਅਵੇ

ਏਥੋਂ ਚੱਲਣਾ ਸਭਨੂੰ ਪੈਣਾ

..............

No comments: