ਬਾਬਲ ਮੇਰੇ ਬਾਗ ਲਵਾਇਆ
ਵਿਚ ਬਹਾਇਆ ਮਾਲੀ
ਬੂਟੇ ਬੂਟੇ ਨੂੰ ਪਾਣੀ ਦੇਵੇ
ਫ਼ਲ ਲਗਦਾ ਡਾਲੀ ਡਾਲੀ
ਰੂਪ ਕੁਆਰੀ ਦਾ
ਦਿਨ ਚੜਦੇ ਦੀ ਲਾਲੀ
...............
ਸੁਣ ਵੇ ਬਾਗ ਦਿਆ ਬਾਗ ਬਗੀਚਿਆ
ਸੁਣ ਵੇ ਬਾਗ ਦਿਆ ਮਾਲੀ
ਕਈਆਂ ਨੂੰ ਤਾਂ ਦੋ ਦੋ ਫੁੱਲ ਲੱਗੇ
ਕਈਆਂ ਦੀ ਝੋਲੀ ਖਾਲੀ
ਰੂਪ ਕੁਆਰੀ ਦਾ
ਦਿਨ ਚੜਦੇ ਦੀ ਲਾਲੀ
...............
ਆਉਣ ਜਾਣ ਨੂੰ ਬੋਤੀ ਲੈ ਲੈ
ਦੁੱਧ ਪੀਣ ਨੂੰ ਬੂਰੀ
ਆਪਣੇ ਕਿਹੜੇ ਬਾਲਕ ਰੋਂਦੇ
ਕੁੱਟ ਖਾਂਵਾਂਗੇ ਚੂਰੀ
ਜੀਹਦਾ ਲੱਕ ਪਤਲਾ
ਉਹ ਹੈ ਮਜਾਜਣ ਪੂਰੀ
...............
ਭੱਤਾ ਲੈ ਕੇ ਤੂੰ ਚੱਲੀ ਸੰਤੀਏ
ਮੱਥੇ ਲੱਗ ਗਿਆ ਤਾਰਾ
ਘੁੰਡ ਚੱਕ ਕੇ ਦੇਖਣ ਲੱਗੀ
ਕਣਕਾਂ ਲੈਣ ਹੁਲਾਰਾ
ਦਿਲ ਤਾਂ ਮੇਰਾ ਐਂ ਪਿਘਲ ਗਿਆ
ਜਿਉਂ ਬੋਤਲ 'ਚੋਂ ਪਾਰਾ
ਹਾਲੀਆਂ ਨੇ ਹਲ ਛੱਡ ਤੇ
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ
...............
ਐਧਰ ਕਣਕਾਂ ਔਧਰ ਕਣਕਾਂ
ਵਿਚ ਕਣਕਾਂ ਦੇ ਰਾਈ
ਰਾਈ ਰਾਈ ਵੇਚ ਕੇ
ਨੀਂ ਮੈਂ ਪੋਲੀ ਨੱਥ ਕਰਾਈ
ਜਦ ਮੈਂ ਪਾ ਕੇ ਲੰਘਣ ਲੱਗੀ
ਝਾਂਜਰ ਦਵੇ ਦੁਹਾਈ
ਰਸਤਾ ਛੱਡ ਦਿਉ ਵੈਰੀਓ
ਮੈਂ ਪੰਜਾਬਣ ਜੱਟੀ ਆਈ
...............
No comments:
Post a Comment