ਕੀ ਮੁੰਡਿਆ ਤੂੰ ਬਣਿਆ ਫਿਰਦਾ
ਤੈਨੂੰ ਆਪਣਾ ਕੰਤ ਦਿਖਾਵਾਂ
ਵੇ ਚਿੱਟਾ ਕੁੜਤਾ ਹਰਾ ਚਾਦਰਾ
ਨਾਮੀ ਪੱਗ ਰੰਗਾਵਾਂ
ਸੋਹਣੇ ਛੈਲ ਛਬੀਲੇ ਦੇ
ਮੈਂ ਗਲ ਵਿੱਚ ਬਾਹਾਂ ਪਾਵਾਂ
ਤੇਰੇ ਵਰਗੇ ਦਾ
ਮੈਂ ਨਾ ਲਵਾਂ ਪਰਛਾਵਾਂ
.............
ਚੜ ਵੇ ਚੰਦਾ ਦੇ ਵੇ ਲਾਲੀ
ਕਿਉਂ ਪਾਇਆ ਏ ਨੇਰਾ
ਆਈ ਗੁਆਂਢਣ ਪੁੱਛਣ ਲੱਗੀ
ਉਹ ਕੀ ਲਗਦਾ ਤੇਰਾ
ਬਾਪ ਮੇਰੇ ਦਾ ਸਕਾ ਜਵਾਈ
ਸਿਰ ਮੇਰੇ ਦਾ ਸਿਹਰਾ
ਕੁੜੀਆਂ ਨੂੰ ਦਸੱਦੀ ਫਿਰਾਂ
ਅੜਬ ਪਰਾਹੁਣਾ ਮੇਰਾ
.............
ਕੁੜੀਉ ਨੀ ਮੇਰਾ ਪਰਾਹੁਣਾ ਦੇਖ ਲੋ
ਸਾਰੇ ਪਿੰਡ 'ਚੋਂ ਸਾਊ
ਨਾ ਇਹ ਕਿਸੇ ਨੂੰ ਮੱਥਾ ਟੇਕਦਾ
ਨਾ ਇਹ ਸਿਰ ਪਲਸਾਊ
ਜੇ ਮੈਂ ਨਾ ਜਾਵਾਂ
ਕਿਹਨੂੰ ਬਹੂ ਬਣਾਊ
.............
ਸੁਣ ਵੇ ਗੱਭਰੂਆ ਚੀਰੇ ਵਾਲਿਆ
ਛੈਲ ਛਬੀਲਿਆ ਸ਼ੇਰਾ
ਤੇਰੇ ਬਾਝੋਂ ਘਰ ਵਿੱਚ ਸਾਨੂੰ
ਦਿੱਸਦਾ ਘੁੱਪ ਹਨੇਰਾ
ਹੋਰ ਹਾਲੀ ਤਾਂ ਘਰਾਂ ਨੂੰ ਆਗੇ
ਤੈਂ ਵਗ ਲਿਆ ਕਿਉਂ ਘੇਰਾ
ਤੈਨੂੰ ਧੁੱਪ ਲਗਦੀ
ਭੁੱਜਦਾ ਕਾਲਜਾ ਮੇਰਾ
.............
ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਮੈਥੋਂ ਕੁੱਟੀ ਨਾ ਜਾਂਦੀ
ਗੁੱਤੋਂ ਲੈਂਦੇ ਫੜ ਵੇ
ਮੇਰਾ ਉੱਡੇ ਡੋਰੀਆ
ਮਹਿਲਾਂ ਵਾਲੇ ਘਰ ਵੇ
.............
No comments:
Post a Comment