ਮਾਏਂ ਨੀ ਮੈਨੂੰ ਰੱਖ ਲੈ ਕੁਆਰੀ
ਕੱਤਿਆ ਕਰੂੰਗੀ ਗੋਹੜਾ
ਦਿਨ ਭਰ ਉਹ ਬਹਿੰਦਾ ਠੇਕੇ
ਕਰੇ ਨਾ ਰਾਤੀਂ ਮੋੜਾ
ਵੈਲੀ ਮਾਲਕ ਦਾ
ਲੱਗ ਗਿਆ ਹੱਡਾਂ ਨੂੰ ਝੋਰਾ
................
ਸੂਫ਼ ਦੀ ਸੁਥਣ ਨਾਲ ਸੋਂਹਦੀਆਂ ਬਾਂਕਾਂ
ਜਿਉਂ ਨੌਕਰ ਦੀ ਵਰਦੀ
ਕਦੇ ਨਾ ਬਹਿਕੇ ਗੱਲਾਂ ਕਰੀਆਂ
ਕਦੇ ਨਾ ਕੀਤੀ ਮਰਜੀ
ਤੈਂ ਮੈਂ ਫੂਕ ਸਿੱਟੀ
ਢੋਲਿਆ ਵੇ ਅਲਗਰਜੀ
................
ਲੋਹੇ ਦੇ ਕੋਹਲੂ ਤੇਲ ਮੂਤਦੇ
ਕੁਤਰਾ ਕਰਨ ਮਸ਼ੀਨਾਂ
ਤੂੜੀ ਖਾਂਦੇ ਢੱਗੇ ਹਾਰਗੇ
ਗੱਭਰੂ ਲੱਗ ਗੇ 'ਫੀਮਾਂ
ਤੂੰ ਘਰ ਪੱਟਤਾ ਵੇ
ਦਾਰੂ ਦਿਆ ਸ਼ਕੀਨਾ
................
ਧੂੜਕੋਟ ਦੇ ਕੋਲ ਹਨੇਰੀ
ਬੁਟੱਰ ਜਾ ਕੇ ਗੱਜਿਆ
ਦਾਰੂ ਪੀ ਕੇ ਗੁੱਟ ਹੋ ਗਿਆ
ਅਜੇ ਨਾ ਰੰਹਿਦਾ ਰੱਜਿਆ
ਰਾਤੀਂ ਰੋਂਦੀ ਦਾ
ਮੂੰਹ ਪਾਵੇ ਨਾਲ ਵੱਜਿਆ
................
ਪੱਠੇ ਨਾ ਪਾਉਂਨੈਂ ਦੱਥੇ ਨਾ ਪਾਉਂਨੈਂ
ਭੁੱਖੀ ਮਾਰ ਲੀ ਖੋਲੀ
ਕੱਢ ਕਾੜਨੀ ਦੁੱਧ ਦੀ ਬਹਿ ਗਿਆ
ਆਣ ਬਹਾਈ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਣੇ
ਮੈਂ ਨਾ ਕਿਸੇ ਦੀ ਗੋਲੀ
ਬਹੁਤਾ ਸਿਰ ਚੜ ਗਿਆ
ਅਣਸਰਦੇ ਨੂੰ ਬੋਲੀ
................
No comments:
Post a Comment