ਡਾ. ਨਾਹਰ ਸਿੰਘ,( M.A,Ph. D)ਦੀ ਕਿਤਾਬ "ਲੌਂਗ ਬੁਰਜੀਆਂ ਵਾਲਾ" ਦੀ ਭੂਮਿਕਾ 'ਚੋਂ
(ਇਹ ਬਲਾਗ ਆਪਣੀਆਂ ਕਈ ਪੋਸਟਿੰਗਾਂ ਲਈ ਇਸ ਕਿਤਾਬ ਦਾ ਰਿਣੀ ਹੈ। )
ਹੁਣਵੇਂ ਦੌਰ ਵਿੱਚ ਲੋਕ ਗੀਤ ਇਕੱਤਰ ਕਰਨ ਦਾ ਕੰਮ ਬਹੁਤ ਕਠਿਨ ਹੁੰਦਾ ਜਾ ਰਿਹਾ ਹੈ। ਮਧਕਾਲੀਨ ਜੀਵਨ ਧਾਰਾ ਨਾਲ ਸੰਬੰਧਿਤ ਬਹੁਤ ਸਾਰਾ ਸਾਹਿਤ ਅਲੋਪ ਹੋ ਚੁੱਕਾ ਹੈ। ਜੋ ਬਚਿਆ ਹੈ ਉਸ ਨੂੰ ਬਜ਼ੁਰਗਾਂ ਦੇ ਚੇਤਿਆਂ ਵਿੱਚੋਂ ਖੁਰਚ ਕੇ ਲੜੀਵੱਧ ਕਰਨਾ ਜੇ ਅਸੰਭਵ ਨਹੀਂ ਤਾਂ ਕਠਿਨ ਜਰੂਰ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹ ਕੰਮ ਕਿਸੇ ਵੱਡੀ ਸੰਸਥਾ ਵਲੋਂ ਪ੍ਰਦਾਨ ਕੀਤੇ ਸਾਧਨਾਂ ਨਾਲ ਬਕਾਇਦਾ ਸਿਖਿਅਤ ਬੰਦਿਆਂ ਤੋਂ ਕਰਵਾਉਣ ਦਾ ਹੈ। ਹਰ ਖੇਤਰ ਦੇ ਲੋਕ ਗੀਤ (ਲੋਕ ਧਾਰਾ) ਇੱਕਤਰ ਕਰਨ ਲਈ ਵੱਕੋ ਵੱਖਰੀਆਂ ਟੀਮਾਂ ਦੀ ਲੋੜ ਹੈ। ਹਰ ਟੀਮ ਦੇ ਮੈਂਬਰ ਸੰਬੰਧਿਤ ਖਿੱਤੇ ਦੇ ਜੰਮਪਲ, ਉਪਭਾਸ਼ਾ ਤੋਂ ਸਿਧਾਂਤਕ ਤੌਰ 'ਤੇ ਜਾਣੂ ਤੇ ਆਪੋ ਆਪਣੇ ਇਲਾਕਾਈ ਸਭਿਆਚਾਰਾਂ ਵਿਚ ਘੁਲੇ ਮਿਲੇ ਹੋਏ ਹੋਣੇ ਚਾਹੀਦੇ ਹਨ । ਦਿਨੋਂ ਦਿਨ ਵਿਸਰ ਰਹੀ ਇਸ ਸਭਿਆਚਾਰਕ ਵਿਰਾਸਤ ਨੂੰ ਸਾਂਭਣ ਤੇ ਜੀਵਨ ਦੇ ਨਵੇਂ ਪ੍ਰਸੰਗਾਂ ਅਨੁਸਾਰ ਇਸ ਤੋਂ ਸਿਰਜਨਾਤਮਕ ਪ੍ਰੇਰਨਾਵਾਂ ਲੈਣ ਲਈ ਇਕ ਜ਼ੋਰਦਾਰ ਸਭਿਆਚਾਰਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਜੀਵਨ ਪ੍ਰਤੀ ਨਿਰੋਏ ਦ੍ਰਿਸ਼ਟੀਕੋਣ ਤੋਂ ਉਸਰੀ ਅਜਿਹੀ ਲਹਿਰ ਹੀ ਲੋਕਾਂ ਨੂੰ ਆਪਣੇ ਆਪੇ ਤੋਂ ਚੇਤੰਨ ਕਰ ਸਕਦੀ ਹੈ। ਆਪਣੇ ਦੇਸੀ ਸਭਿਆਚਾਰ, ਪ੍ਰੰਪਰਾਵਾਂ ਤੇ ਇਤਿਹਾਸ ਨੂੰ ਸਮਝਣ ਲਈ ਵਿਗਿਆਨਕ ਦ੍ਰਿਸ਼ਟੀ ਤੋਂ ਪ੍ਰਾਪਤ ਹੋਈ ਨਵੀਂ ਸੋਝੀ ਲੈ ਕੇ ਹੀ ਅਸੀਂ ਆਪਣੇ ਸਭਿਆਚਾਰ ਉੱਤੇ ਹਾਵੀ ਸਾਮਰਾਜ ਦੀ ਜ਼ਿਹਨੀ ਗ਼ੁਲਾਮੀ ਤੇ ਭੂਪਵਾਦ ਦੀਆਂ ਵੇਲਾ ਵਿਹਾ ਚੁੱਕੀਆਂ ਕਦਰਾਂ ਕੀਮਤਾਂ ਤੋਂ ਮੁਕਤ ਹੋ ਸਕਾਂਗੇ। ਆਪਣੀ ਮਿੱਟੀ 'ਚੋਂ ਉਪਜੀ ਸਿਰਜਨਾਤਮਕ ਸੁਤੰਤਰ ਸੋਚ ਹੀ ਸਾਨੂੰ ਪੱਕੇ ਪੈਰੀਂ ਖੜ੍ਹਾ ਕਰ ਸਕਦੀ ਹੈ।