Thursday, 5 February 2009

ਦੋ ਨੈਣਾਂ ਦਾ ਪਿਆਸਾ

ਊਠਾਂ ਵਾਲਿਓ ਵੇ
ਊਠ ਲੱਦੇ ਨੇ ਮੱਤੇ ਨੂੰ
ਜੱਟ ਬੇਈਮਾਨ
ਦੁੱਧ ਛੱਡੇ ਨਾ ਕੱਟੇ ਨੂੰ
...............
ਦਰਾਣੀ ਤੇ ਜਠਾਣੀ ਰਲ ਗੰਨੇ ਚੂਪੇ
ਉਹ ਛਿੱਲ ਤੇਰੀ ਆ
ਨੀ ਆਹ ਛਿੱਲ ਮੇਰੀ ਆ
ਉਹ ਛਿੱਲ ਤੇਰੀ ਆ
ਨੀ ਆਹ ਛਿੱਲ ਮੇਰੀ ਆ
...............
ਦੀਵੇ ਵਿੱਚੋਂ ਤੇਲ ਮੁੱਕਿਆ
ਕੀ ਹਾਲ ਵੇ ਭੰਮਕੜਾ ਤੇਰਾ
ਦੀਵੇ ਵਿੱਚੋਂ ਤੇਲ ਮੁੱਕਿਆ
...............
ਜੱਟਾਂ ਦੀ ਕੁੜੀ ਨਾਲ
ਤੇਰੀ ਵੇ ਦੋਸਤੀ
ਆਉਂਦਾ ਜਾਂਦਾ ਚੱਬ ਛੱਲੀਆਂ
ਵੇ ਬਸ਼ਰਮਾਂ ਤੈਨੂੰ
ਛੱਡ ਚੱਲੀਆਂ
ਵੇ ਬਸ਼ਰਮਾਂ ਤੈਨੂੰ ਛੱਡ ਚੱਲੀਆਂ
...............
ਲੱਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਹੀਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ
ਮੇਰਾ ਚਿੱਤ ਪੁੰਨੂੰ ਵੱਲ ਜਾਵੇ
...............
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਮੋੜੀ
ਉਰਲੇ ਪਾਸੇ ਖਾਈ ਸੁਣੀਦੀ
ਪਰਲੇ ਪਾਸੇ ਮੋਰੀ
ਉਥੇ ਦੀਆਂ ਦੋ ਕੁੜੀਆਂ ਸੁਣੀਦੀਆਂ
ਇੱਕ ਕਾਲੀ ਇੱਕ ਗੋਰੀ
ਗੋਰੀ ਨੇ ਤਾਂ ਲਾ ਲੀ ਯਾਰੀ
ਹੋ ਕੇ ਉਹਲੇ ਚੋਰੀ
ਕਾਲੀ ਦਾ ਤਾਂ ਵਿਆਹ ਧਰ ਦਿੱਤਾ
ਘਰ ਦਿਆਂ ਜੋਰਮ-ਜੋਰੀ
ਕੂਕਾਂ ਪੈਣਗੀਆਂ
ਨਿਹੁੰ ਨਾ ਲਗਦੇ ਜੋਰੀਂ
...............
ਤੇਰੇ ਲਾਲ ਸੁਹੇ ਬੁਲ੍ਹ
ਸਾਨੂੰ ਲੈਣੇ ਪੈ ਗਏ ਮੁੱਲ
ਜਿੱਥੇ ਟਕਰੇਂਗੀ ਕੱਲੀ
ਤੈਨੂੰ ਚੱਕੂੰ ਮੱਲੋਮੱਲੀ
ਕੱਟ ਮੋੜ ਬੱਲੀਏ
ਸਾਨੂੰ ਲਗਦੀ ਪਿਆਰੀ
ਤੇਰੀ ਤੋਰ ਬੱਲੀਏ
...............
ਕਾਲੀ ਕੁੜਤੀ ਸਿਲਮ ਸਿਤਾਰਾ
ਵਿਆਹ ਸ਼ਾਦੀ ਨੂੰ ਪਾਵਾਂ
ਜਿਹੜੀਆਂ ਗੱਲਾਂ ਨੂੰ ਫਿਰਦਾ ਗੱਭਰੂਆ
ਮੈਂ ਚਿੱਤ 'ਤੇ ਨਾ ਲਿਆਵਾਂ
ਤੇਰੇ ਵਰਗੇ ਦੀ
ਗੱਲੀਂ ਰਾਤ ਲੰਘਾਵਾਂ
...............
ਲੱਭਦਾ ਫਿਰਾਂ ਨੀ ਭਾਬੀ
ਰੂਪ ਦੀਆਂ ਮੰਡੀਆਂ 'ਚੋਂ
ਰੰਗ ਤੇਰੇ ਰੰਗ ਵਰਗਾ
ਲੱਕ ਪਤਲਾ ਸਰੀਰ ਹੌਲਾ
ਵੰਗ ਵਰਗਾ
...............
ਕਾਸਾ ਕਾਸਾ ਕਾਸਾ
ਗੱਲਾਂ ਗਿਆਨ ਦੀਆਂ
ਲੋਕਾਂ ਭਾਣੇ ਤਮਾਸ਼ਾ
ਇੱਕ ਦਿਨ ਫੁੱਟ ਜੇਂ ਗਾ
ਸੋਹਣਿਆ ਕੰਚ ਗਲਾਸਾ
ਚਿੱਟਿਆਂ ਦੰਦਾਂ 'ਤੇ
ਰੋਜ਼ ਮਲੇਂ ਦੰਦਾਸਾ
ਮਜਨੂੰ ਸੁੱਕ ਕੇ ਤਾਂਬੜ ਹੋ ਗਿਆ
ਰੱਤ ਰਹੀ ਨਾ ਮਾਸਾ
ਰਾਂਝੇ ਪੰਛੀ ਨੇ
ਭੰਨਤਾ ਬਾਰ ਅੱਗੇ ਕਾਸਾ
ਜਾਂਦਾ ਸੁਰਗਾਂ ਨੂੰ
ਦੋ ਨੈਣਾਂ ਦਾ ਪਿਆਸਾ
...............

Monday, 2 February 2009

ਦੁੱਲਾ ਤੇ ਹੋਣੀ

ਮੁੱਢ ਕਦੀਮ ਤੋਂ ਬੰਦਾ ਹੋਣੀ ਨਾਲ ਟੱਕਰ ਲੈਂਦਾ ਆ ਰਿਹਾ ਹੈ । ਬਲਵਾਨ ਹੋਣੀ ਸਾਹਮਣੇ ਬੰਦੇ ਦੀ ਬਿਸਾਤ "ਪਾਣੀ ਵਿੱਚ ਪਤਾਸੇ" ਵਰਗੀ ਹੈ। ਪਰ ਇਸ ਪਲ-ਛਿਣ ਦੀ ਖੇਡ ਨੂੰ ਕੋਈ ਜਣਾ ਕਿਵੇਂ ਗੁਜਾਰਦਾ ਹੈ ਇਸੇ 'ਚ ਜੀਵਨ ਦੀ ਸ਼ਾਨ ਹੈ :
ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ
ਵੋ ਸ਼ਾਨ ਸਲਾਮਤ ਰਹਿਤੀ ਹੈ...

ਜਿਸ ਘੜੀ ਦੁੱਲਾ "ਪਿੰਡੀਓਂ ਤੁਰ ਪਿਆ", ਉਸਦੀ ਹੋਣੀ ਨਿਸ਼ਚਤ ਹੈ। ਉਸਨੇ ਪਿਉ-ਦਾਦੇ ਵਾਲਾ ਰਾਹ ਚੁਣ ਲਿਆ ਹੈ ਤਾਂ ਫਿਰ ਉਸ ਨਾਲ ਪਿਉ-ਦਾਦੇ ਵਾਲੀ ਹੀ "ਹੋਣੀ" ਹੈ। "ਹੋਣੀ" ਦਾ ਸਾਥ "ਉੱਚਾ ਤਖ਼ਤ ਲਹੌਰ" ਤੇ "ਦਿੱਲੀ ਦੇ ਕਿੰਗਰਿਆਂ" ਨਾਲ ਹੈ। ਦੁੱਲਾ ਏਸ "ਹੋਣੀ" ਨੂੰ ਹਰਾ ਨਹੀਂ ਸਕਦਾ। ਦੁੱਲੇ ਨੂੰ ਵੀ ਪਤਾ ਹੈ। ਅਕਬਰ, ਏਸ ਹੋਣੀ ਦੇ ਭੈਅ ਨਾਲ ਦੁੱਲੇ ਨੂੰ ਲਫਾਉਣਾ ਚਾਹੁੰਦਾ ਹੈ।
ਦੁੱਲੇ ਪਾਸ ਜਿੱਤਣ-ਹਾਰਨ ਦੀ ਚੋਣ ਹੀ ਨਹੀਂ। ਉਸਨੇ ਮੌਤ ਤੇ ਈਨ ਮੰਨਣ 'ਚੋਂ ਚੋਣ ਕਰਨੀ ਹੈ। ਇਹ ਚੋਣ ਹਮੇਸ਼ਾ ਬੰਦੇ ਪਾਸ ਹੁੰਦੀ ਹੈ। ਦੁੱਲਾ "ਹੋਣੀ" ਦਾ ਸਾਹਮਣਾ, "ਕੰਡਿਆਂ ਦਾ ਟੋਕਰਾ" ਚੱਕਣ ਦੀ ਸ਼ਰਤ "ਸਿਰ ਦੀ ਬਾਜੀ" ਨਾਲ ਲਾ ਕੇ ਕਰਦਾ ਹੈ। ਦੁੱਲੇ ਨੇ ਹੋਣੀ ਦੀ ਵੰਗਾਰ ਕਬੂਲੀ ਹੈ। ਇਸੇ 'ਚ ਦੁੱਲੇ ਦੀ ਸ਼ਾਨ ਹੈ। ਇਸੇ ਲਈ ਦੁੱਲਾ ਪੰਜਾਬੀਆਂ ਦਾ ਨਾਇਕ ਹੈ।
ਕਿਸ਼ਨ ਸਿੰਘ ਰਚਿਤ(ਸੰਨ 1897) ਦੁੱਲੇ ਦੀ ਵੀਰਗਾਥਾ 'ਚੋਂ ਨਜ਼ਰ ਹੈ "ਦੁੱਲੇ ਦਾ ਹੋਣੀ ਨਾਲ ਵਾਰਤਾਲਾਪ":

ਚੜ੍ਹਿਆ ਜਾਂ ਦੁੱਲਾ ਆਗੇ ਹੋਣੀ ਆਂਵਦੀ।
ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁਲਾਂਵਦੀ।
ਕੰਡਿਆਂ ਦਾ ਰਖਿਆ ਮੈਂ ਹੈ ਭਰਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਸੁਣ ਕੇ ਸੀ ਭਾਣਜਾ ਦੁੱਲੇ ਨੇ ਘੱਲਿਆ।
ਜੋਰ ਸੀ ਲਾਗਾਯਾ ਟੋਕਰਾ ਨਾ ਹੱਲਿਆ।
ਮੋੜਦੀ ਹੈ ਹੋਣੀ ਉਸ ਨੂੰ ਹਟਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਹੋਣੀ ਕਹੇ ਟੋਕਰਾ ਨਾ ਮੂਲ ਹੱਲਦਾ।
ਦੁੱਲਾ ਤਦੋਂ ਲੰਮੀਂ ਲੰਮੀਂ ਚਾਲ ਚੱਲਦਾ।
ਆਖਦੀ ਹੈ ਹੋਣੀ ਉਸਨੂੰ ਸੁਣਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਦੁੱਲਾ ਕਹੇ ਜੇ ਮੈਂ ਟੋਕਰਾ ਚੁਕਾਵਸਾਂ।
ਹੋਣੀ ਕਹੇ ਸਿਰ ਦੀ ਸ਼ਰਤ ਲਾਵਸਾਂ।
ਚੁਕੱਦਾ ਹੈ ਸਿਰ ਦੀ ਸ਼ਰਤ ਲਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਟੋਕਰਾ ਨਾ ਦੁੱਲੇ ਪਾਸੋਂ ਜਾਵੇ ਚੱਕਿਆ।
ਸਾਰਾ ਜੋਰ ਅਪਨਾ ਲਗਾਇ ਥੱਕਿਆ।
ਸਿਰ ਤੇਰਾ ਦੁੱਲਿਆ ਵੇ ਵੱਢਾਂ ਚਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਹੋਣੀ ਮੇਰਾ ਨਾਮ ਤੇਰਾ ਸਿਰ ਕੱਟਦੀ।
ਕੌਲ ਤੇ ਕਰਾਰ ਤੋਂ ਨਾ ਮੂਲ ਹੱਟਦੀ।
ਸਭ ਨੂੰ ਕਿਸ਼ਨ ਸਿੰਘਾ ਛੱਡਾਂ ਖਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਕਿੱਸਾ ਦੁੱਲਾ ਭੱਟੀ ਤੇ ਉਸ ਦੀ ਭਾਵ ਜੁਗਤ (ਸਵ: ਗਿਆਨ ਚੰਦ) 'ਚੋਂ ਧੰਨਵਾਦ ਸਹਿਤ

Tuesday, 27 January 2009

ਜੀ ਨਾ ਲਗਦਾ ਕੱਲਿਆਂ ਦਾ

ਕਲ੍ਹ ਦਾ ਆਇਆ ਮੇਲ ਸੁਣੀਂਦਾ
ਸੁਰਮਾ ਸਭ ਨੇ ਪਾਇਆ
ਗਹਿਣਾ ਗੱਟਾ ਸਭ ਦੇ ਸੋਹਂਦਾ
ਵਿਆਹੁਲਾ ਰੰਗ ਰਮਾਇਆ
ਮੁੰਡੇ ਦੀ ਮਾਮੀ ਨੇ
ਗਿੱਧਾ ਖ਼ੂਬ ਰਚਾਇਆ
..............
ਸਾਵੀ ਸੁੱਥਣ ਵਾਲੀਏ ਮੇਲਣੇ
ਆਈਂ ਏਂ ਬਣ ਠਣ ਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚਣਾ ਨੀ
ਨੱਚਲੈ ਪਟੋਲਾ ਬਣਕੇ
..............
ਅੰਬ ਦੀ ਟਾਹਣੀ ਤੋਤਾ ਬੈਠਾ
ਅੰਬ ਪਕਣ ਨਾ ਦੇਵੇ
ਸੋਹਣੀ ਭਾਬੋ ਨੂੰ
ਦਿਉਰ ਵਸਣ ਨਾ ਦੇਵੇ
..............
ਲਿਆ ਦਿਉਰਾ ਤੇਰਾ
ਕੱਢ ਦਿਆਂ ਚਾਦਰਾ
ਜੰਞ ਦਾ ਬਣਾ ਦਿਆਂ ਜਾਂਞੀ
ਪਿੰਡ ਦੀ ਕੁੜੀ ਨਾਲ
ਲਾਈਂ ਨਾ ਦੋਸਤੀ
ਟੱਪੀਂ ਨਾ ਜੂਹ ਬਗਾਨੀ
ਆਸ਼ਕ ਤੂੰ ਦਿਉਰਾ
ਭਾਬੋ ਨਾਰ ਬਿਗਾਨੀ
..............
ਚਿੱਟਾ ਕਬੂਤਰ
ਅੱਖੀਆਂ ਸ਼ਰਬਤੀ
ਵਿੱਚ ਕੱਜਲੇ ਦਾ ਡੋਰਾ
ਵੇ ਕਬੂਤਰਾ
ਨਚਦਾ ਜੋੜਾ ਜੋੜਾ
..............
ਕਦੇ ਆਉਣ ਨ੍ਹੇਰੀਆਂ
ਕਦੇ ਜਾਣ ਨ੍ਹੇਰੀਆਂ
ਬਿੱਲੋ ਬੋਤਲਾਂ ਸ਼ਰਾਬ ਦੀਆਂ
ਅੱਖਾਂ ਤੇਰੀਆਂ
..............
ਫੂਸ ਹੁੰਦੀ ਜਾਨੀ ਆਂ
ਵੇ ਬੱਗੀ ਹੁੰਦੀ ਜਾਨੀ ਆਂ
ਤੇਰੇ ਹਉਕੇ ਨਾਲ ਵੇ ਮੈਂ
ਅੱਧੀ ਹੁੰਦੀ ਜਾਨੀ ਆਂ
..............
ਕੱਲ-ਮਕੱਲੀ ਤੋੜਾਂ ਮੈਂ
ਕਰੀਰਾਂ ਨਾਲੋਂ ਡੇਲੇ
ਵੇ ਖੜ੍ਹਾ ਰਹਿ ਜ਼ਾਲਮਾ
ਸਬੱਬੀਂ ਹੋਗੇ ਮੇਲੇ
..............
ਛੰਨਾ ਭਰਿਆ ਦੁੱਧ ਦਾ
ਮੈਂ ਚੁੱਕਿਆ ਤੇ ਤੂੰ ਪੀ
ਵੇ ਮੈਂ ਅਰਜ ਕਰਾਂ
ਬਿਗਾਨੀ ਮਾਂ ਦੀ ਧੀ
..............
ਨਦੀ ਕਿਨਾਰੇ ਰੋਟੀਆਂ ਲਾਹਵਾਂ
ਝੋਕਾ ਲਾਵਾਂ ਕੰਡਿਆਂ ਦਾ
ਘਰ ਆਵੋ ਜੀ
ਜੀ ਨਾ ਲਗਦਾ ਕੱਲਿਆਂ ਦਾ
..............

Friday, 23 January 2009

ਵੀਰ ਮੇਰੇ ਨੇ ਵਹੁਟੀ ਲਿਆਂਦੀ

ਸਾਉਣ ਮਹੀਨਾ ਦਿਨ ਤੀਆਂ ਦੇ
ਕੁੜੀਆਂ ਰਲ ਮਿਲ ਆਈਆਂ
ਬਈ, ਨੱਚਣ ਟੱਪਣ ਝੂਟਣ ਪੀਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਗਿੱਧਾ ਪਾ ਰਹੀਆਂ
ਨਣਦਾਂ 'ਤੇ ਭਰਜਾਈਆਂ
...............
ਛੱਲੀਆਂ ਛੱਲੀਆਂ ਛੱਲੀਆਂ
ਵੀਰਾ ਮੈਨੂੰ ਲੈ ਚੱਲ ਵੇ
ਮੇਰੀਆਂ ਕੱਤਣ ਸਹੇਲੀਆਂ 'ਕੱਲੀਆਂ
...............
ਹਰਿਆ ਹਰਿਆ ਘਾ
ਨੀ ਬੀਬੀ ਨਣਾਨੇ
ਕਦੀ ਪ੍ਰਾਹੁਣੀ ਆ
...............
ਤੀਲੀ,
ਨੀ ਅਜ ਮੇਰੇ ਵੀਰੇ ਦੀ
ਸਾਰੀ ਫੌਜ ਰੰਗੀਲੀ
...............
ਮੇਵਾ,
ਨੀ ਅੱਜ ਮੇਰੇ ਵੀਰੇ ਦੀ
ਸਹੁਰੇ ਕਰਨਗੇ ਸੇਵਾ
...............
ਵੀਰ ਮੇਰੇ ਨੇ ਵਹੁਟੀ ਲਿਆਂਦੀ
ਲਿਆਂਦੀ ਮੰਗਲਵਾਰ
ਨੀ ਸੋਨੇ ਦੀਆਂ ਅੱਖੀਆਂ
ਵਿੱਚ ਕਜਲੇ ਦੀ ਧਾਰ
...............
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਪਰਾਤ,
ਨੀ ਅੱਜ ਮੇਰੇ ਵੀਰੇ ਦੀ
ਸ਼ਗਨਾਂ ਵਾਲੀ ਰਾਤ
...............
ਕੇਲੇ ਕੇਲੇ ਕੇਲੇ
ਨੀ ਅੱਜ ਮੇਰੇ ਵੀਰੇ ਦੇ
ਹੋਗੇ ਹੀਰ ਨਾਲ ਮੇਲੇ
...............
ਨਵੀਂ ਬਹੂ ਮੁਕਲਾਵੇ ਆਈ
ਧਰਤੀ ਪੈਰ ਨਾ ਲਾਵੇ
ਚੰਗੇ ਸੱਸ ਨੇ ਚੌਲ ਉਬਾਲੇ
ਚੰਗਾ ਬੂਰਾ ਪਾਵੇ
ਲੈ ਨੀ ਨੂੰਹੇਂ ਰੋਟੀ ਖਾ ਲੈ
ਨੂੰਹ ਰੋਟੀ ਨਾ ਖਾਵੇ
ਨੀ ਮੂੰਹ ਵਿਚ ਭਾਬੋ ਦੇ
ਨਣਦ ਬੁਰਕੀਆਂ ਪਾਵੇ
...............
ਪੁੱਤ ਵੀਰ ਦਾ ਭਤੀਜਾ ਮੇਰਾ
ਕੱਤਦੀ ਨੂੰ ਆਣ ਮਿਲਦਾ
...............
ਵੀਰਾਂ ਨਾਲੋਂ ਨੀ ਭਤੀਜੇ ਪਿਆਰੇ
ਨਿਉਂ ਜੜ੍ਹ ਬਾਬਲ ਦੀ
...............

Monday, 19 January 2009

ਬੇਕਦਰਿਆਂ ਨਾਲ ਲਾਈਆਂ

ਆਪ ਤਾਂ ਮੁੰਡੇ ਨੇ ਕੈਂਠਾ ਘੜਾ ਲਿਆ
ਸਾਨੂੰ ਵੀ ਘੜਾ ਦੇ ਛੱਲਾ ਮੁੰਡਿਆ
ਨਹੀਂ ਤਾਂ ਰੋਵੇਂਗਾ ਸਿਆਲ ਵਿੱਚ 'ਕੱਲਾ ਮੁੰਡਿਆ
..............
ਜੇਠ ਜਠਾਣੀ ਅੰਦਰ ਪੈਂਦੇ
ਤੇਰਾ ਮੰਜਾ ਦਰ ਵਿੱਚ ਵੇ
ਕੀ ਲੋਹੜਾ ਆ ਗਿਆ
ਘਰ ਵਿੱਚ ਵੇ
..............
ਊਠਾਂ ਵਾਲਿਓ ਵੇ
ਊਠ ਲੱਦੇ ਨੇ ਗੰਗਾ ਨੂੰ
ਜੱਟ ਬੇਈਮਾਨ
ਪੈਸੇ ਦਿੰਦਾ ਨੀ ਵੰਗਾ ਨੂੰ
..............
ਪੂਹਲਾ ਪੂਹਲੀ ਕੋਲੋ ਕੋਲੀ
ਗੰਗਾ ਕੋਲ ਨਥਾਣਾ
ਚੰਦਭਾਨ ਦੇ ਕੁੱਤੇ ਭੌਂਕਦੇ
ਲੁੱਟ ਲਿਆ ਦਬੜੀਖਾਨਾ
ਅਕਲੀਏ ਦੇ ਮੁੰਡੇ ਲੁੱਟੇ
ਵਿੱਚੇ ਲੁੱਟ ਲਿਆ ਠਾਣਾ
ਚਿੱਠੀਆਂ ਮੈਂ ਪਾਵਾਂ
ਪੜ੍ਹ ਮੁੰਡਿਆ ਅਣਜਾਣਾ
..............
ਢਾਈਆਂ ਢਾਈਆਂ ਢਾਈਆਂ
ਜੱਟਾਂ ਦੇ ਪੁੱਤ ਸਾਧੂ ਹੋ ਗੇ
ਸਿਰ ਤੇ ਜਟਾਂ ਰਖਾਈਆਂ
ਬਗਲ੍ਹੀ ਪਾ ਕੇ ਮੰਗਣ ਚੜ੍ਹ ਪੇ
ਖੈਰ ਨਾ ਪਾਉਂਦੀਆਂ ਮਾਈਆਂ
ਖੂਹ ਤੇ ਬਹਿ ਕੇ ਬੀਨ ਬਜਾਈ
ਚੁਟਕੀ ਚੁਟਕੀ ਲਿਆਈਆਂ
ਅੱਖੀਆਂ ਪ੍ਰੀਤ ਦੀਆਂ
ਬੇਕਦਰਿਆਂ ਨਾਲ ਲਾਈਆਂ
..............
ਪਤਲੀ ਨਾਰੀ ਲਗਦੀ ਪਿਆਰੀ
ਰੋ ਰੋ ਦਸਦੀ ਕਹਿਣੇ
ਹਸ, ਬੰਦ ਤੇ ਪਿੱਪਲ ਪੱਤੀਆਂ
ਬਾਲ਼ੇ ਕੰਨੀਂ ਨੀਂ ਰਹਿਣੇ
ਛੋਟਾ ਦਿਉਰ ਮੈਨੂੰ ਮਾਰੇ ਬੋਲੀਆਂ
ਅਸੀਂ ਬੋਲ ਨੀਂ ਸਹਿਣੇ
ਲੌਂਗ ਤਬੀਤੜੀਆਂ
ਪਤਲੀ ਨਾਰ ਦੇ ਗਹਿਣੇ
..............
ਕੀ ਹੋ ਗਿਆ ਤੈਨੂੰ ਕਰਤੀ ਮਸ਼ਕਰੀ
ਗੋਲੀ ਤਾਂ ਨੀ ਮਾਰੀ
ਐਨੀ ਜੀ ਗੱਲ ਦਾ ਪਾਇਆ ਪੁਆੜਾ
ਕੋਠੇ ਖਲਕਤ ਚਾੜ੍ਹੀ
ਪੇਕੇ ਉੱਠ ਜਾ ਨੀ
ਬਹੁਤਿਆਂ ਹਰਖਾਂ ਵਾਲੀ
..............

Friday, 9 January 2009

ਗਿੱਧੇ ਵਿੱਚ ਤੂੰ ਨੱਚਦੀ

ਰੂਪ ਦੇ ਸ਼ਿਕਾਰੀ
ਅੱਖ ਰੱਖਦੇ ਕਮਾਰੀਆਂ 'ਤੇ
ਅਸੀਂ ਵੀ ਨੀ ਰਹਿਣਾ
ਕਿਸੇ ਕੋਲੋਂ ਡਰ ਕੇ
ਕਿਹੜਾ ਲੰਘ ਜੂ
ਜੱਟੀ ਦੇ ਵੱਲ ਅੱਖ ਕਰਕੇ
................
ਅੜੀਏ ਅੜੀਏ ਅੜੀਏ
ਰੁੱਸੇ ਮਾਹੀਏ ਦਾ ਕੀ ਕਰੀਏ
ਅੰਦਰ ਵੜੇ ਤਾਂ ਮਗਰੇ ਵੜੀਏ
ਚੁੰਨੀ ਲਾਹ ਪੈਰਾਂ ਵਿੱਚ ਧਰੀਏ
ਇੱਕ ਵਾਰੀ ਬੋਲੋ ਜੀ
ਆਪਾਂ ਫੇਰ ਕਦੇ ਨਾ ਲੜੀਏ
................
ਛੰਨੇ ਉੱਤੇ ਛੰਨਾ
ਛੰਨਾ ਕਦੇ ਵੀ ਨਾ ਡੋਲਦਾ
ਪੋਹ-ਮਾਘ ਦਾ ਰੁੱਸਿਆ ਮਾਹੀਆ
ਹਾਲੇ ਵੀ ਨੀ ਬੋਲਦਾ
................
ਨੀ ਤੂੰ ਨੱਚ ਨੱਚ ਨੱਚ
ਨੀ ਤੂੰ ਹੌਲੀ ਨੱਚ
ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ
ਤੇਰਾ ਗਿੱਧਾ ਸਾਰੇ ਪਿੰਡ ਦੇ ਪਸੰਦ ਬੱਲੀਏ
................
ਗਿੱਧੇ ਵਿੱਚ ਤੂੰ ਨੱਚਦੀ
ਮਾਰ ਮਾਰ ਕੇ ਅੱਡੀ
ਮੁੰਡੇ ਵੀ ਬੈਠੇ ਨੇ
ਬੈਠੇ ਨੇ ਮੂੰਹ ਟੱਡੀ
................

Sunday, 4 January 2009

ਬੋਲੀ ਪਾ ਮਿੱਤਰਾ

ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਬਈ ਲਗਦੀ ਰੋਸ਼ਨੀ ਭਾਰੀ
ਦੂਰ ਦੂਰ ਤੋਂ ਗੱਭਰੂ ਆਉਂਦੇ
ਘੋੜੇ ਊਠ ਸ਼ਿੰਗਾਰੀ
ਲੰਮੇ ਚਾਦਰੇ ਕੁੰਢੀਆਂ ਮੁੱਛਾਂ
ਮੋਢੇ ਡਾਂਗ ਉਲਾਰੀ
ਹੱਸਦੇ ਹੱਸਦੇ ਇਹ ਲੜ ਪੈਂਦੇ
ਚਲਦੀ ਖ਼ੂਬ ਕਟਾਰੀ
ਜ਼ੋਰ ਜਵਾਨੀ ਦੇ
ਕਰਦੇ ਬੜੀ ਖਵਾਰੀ
..............
ਅਸੀਂ ਗੱਭਰੂ ਦੇਸ ਪੰਜਾਬ ਦੇ
ਹਿੱਕਾਂ ਰੱਖਦੇ ਤਣੀਆਂ
'ਕੱਠੇ ਹੋ ਕੇ ਪਾਈਏ ਬੋਲੀਆਂ
ਮੁੱਛਾਂ ਰਖਦੇ ਖੜ੍ਹੀਆਂ
ਰਲ ਮਿਲ ਕੇ ਭੰਗੜਾ ਪਾਉਂਦੇ
ਕਦੇ ਨਾ ਸੰਹਿਦੇ ਤੜੀਆਂ
ਐਰ ਗ਼ੈਰ ਨਾਲ ਗੱਲ ਨੀ ਕਰਦੇ
ਵਿਆਹ ਕੇ ਲਿਆਉਂਦੇ ਪਰੀਆਂ
ਵੇਲਾਂ ਧਰਮ ਦੀਆਂ
ਵਿੱਚ ਦਰਗਾਹ ਦੇ ਹਰੀਆਂ
..............
ਹੱਸ ਕੇ ਨਿਹੁੰ ਨਾ ਲਾਈਂ ਬਿਸ਼ਨੀਏ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ
ਕੀ ਹਾਲ ਆ ਗੱਭਰੂਆ ਤੇਰੇ
..............
ਅਸੀਂ ਗੱਭਰੂ ਦੇਸ ਪੰਜਾਬ ਦੇ
ਸਾਡੀ ਸ਼ੇਰਾਂ ਵਰਗੀ ਸ਼ਾਨ
ਸਾਡੇ ਬਾਹੀਂ ਬਿਜਲੀਆਂ ਨੱਚਦੀਆਂ
ਸਾਡੇ ਪੈਰ ਭੰਗੜੇ ਪਾਣ
ਸਾਡੀਆਂ ਰੁੱਤਾਂ ਰੱਜੀਆਂ ਮਹਿਕੀਆਂ
ਸਾਡੇ ਖੇਤ ਭਰੇ ਖਲਿਹਾਨ
ਬੋਲੀ ਪਾ ਮਿੱਤਰਾ
ਹਾਣ ਨੂੰ ਮਿਲ ਪਏ ਹਾਣ
..............