Wednesday 25 February, 2009

ਸੌਂਕ ਨਾਲ ਜੱਟ ਗਿੱਧਾ ਪਾਉਂਦੇ

ਨਰਮ ਰੰਗ 'ਤੇ ਕਾਲਾ ਸੋਂਹਦਾ
ਗੋਰੇ ਰੰਗ 'ਤੇ ਗਹਿਣਾ
ਤਿੰਨ ਵਲ ਕਾ ਕੇ ਤੁਰਦੀ ਬਚਨੀਏ
ਰੂਪ ਸਦਾ ਨੀਂ ਰਹਿਣਾ
ਏਸ ਰੂਪ ਦਾ ਮਾਣ ਨਾ ਕਰੀਏ
ਮੰਨ ਮਿੱਤਰਾਂ ਦਾ ਕਹਿਣਾ
ਬਾਗ ਵਿੱਚ ਫੁੱਲ ਖਿੜਿਆ
ਅਸੀਂ ਭੌਰੇ ਬਣ ਕੇ ਰਹਿਣਾ
..............
ਘੁੰਮ ,ਵੇ ਕਰੀਰਾ, ਘੁੰਮ ,ਵੇ ਕਰੀਰਾ
ਰੱਬ ਤੈਨੂੰ ਲਾਵੇ ਡੇਲੇ
ਸੋਹਣੇ ਫੁੱਲ ਖਿੜੇ, ਕੁੜੀਓ
ਥਾਂ ਥਾਂ ਲਗਦੇ ਮੇਲੇ
..............
ਆਓ ਚੋਬਰੋ ਗਿੱਧਾ ਪਾਈਏ
ਆਓ ਝਨਾਂ ਕਿਨਾਰੇ
ਪਾਣੀ ਉੱਤੇ ਫੁੱਲ ਤਰਦਾ
ਚੁੱਕ ਲੈ ਸੋਹਣੀਏ ਨਾਰੇ
..............
ਸੁਣ ਨੀ ਕੁੜੀਏ, ਨੱਚਣ ਵਾਲੀਏ
ਤੇਰਾ ਪੁੰਨਿਆ ਤੋਂ ਰੂਪ ਸਵਾਇਆ
ਵਿਚ ਕੁੜੀਆਂ ਦੇ ਪਾਵੇਂ ਪੈਲਾਂ
ਤੈਨੂੰ ਨੱਚਣਾ ਕੀਹਨੇ ਸਿਖਾਇਆ
ਸਭਨਾਂ ਨੂੰ ਤੂੰ ਇਉਂ ਲਗਦੀ ਏਂ
ਜਿਉਂ ਬਿਰਛਾਂ ਦੀ ਛਾਇਆ
ਸ਼ੌਂਕ ਨਾਲ ਨੱਚ ਲੈ ਨੀ
ਗਿੱਧਾ ਬਸੰਤੀ ਆਇਆ
..............
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਮਗਰੋਂ ਪੈਂਦੀ ਭੂਰ
ਰੋਟੀ ਲੈ ਨਿੱਕਲੀ
ਖੇਤ ਸੁਣੀਂਦਾ ਦੂਰ
..............
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਬੱਦਲਾਂ ਨੇ ਪਾਏ ਘੇਰੇ
ਰੋਟੀ ਲੈ ਆਈ
ਕਪੜੇ ਭਿੱਜ ਗਏ ਤੇਰੇ
..............
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲਗਦਾ ਕਰੀਰੀਂ ਬਾਟਾ
ਸਰੁਹਾਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਵੇ ਪਟਾਕਾ
ਸੌਂਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ
ਆ ਕੇ ਦੇ ਦੇ ਝਾਕਾ
..............

No comments: